
ਅੰਮ੍ਰਿਤਸਰ, 23 ਮਈ (ਹਿੰ.ਸ.)| ਅੰਮ੍ਰਿਤਸਰ ਦੇ ਅਨਗੜ੍ਹ ਇਲਾਕੇ ਵਿੱਚ ਪੁਲਿਸ ਨੇ ਘਰਾਂ ਦੇ ਅੰਦਰ ਚੱਲ ਰਹੀਆਂ ਅਵੈਧ ਪਟਾਖਾ ਫੈਕਟਰੀਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਏਸੀਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਸੈਂਟਰਲ ਸਬ-ਡਿਵੀਜ਼ਨ ਅਧੀਨ ਥਾਣਾ ਗੇਟ ਹਕੀਮਾਂ ਦੀ ਐਸਐਚਓ ਮਨਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ। ਪਿਛਲੇ ਕਈ ਦਿਨਾਂ ਤੋਂ ਅਨਗੜ੍ਹ ਇਲਾਕੇ ਵਿੱਚ ਘਰਾਂ ਦੇ ਅੰਦਰ ਗੈਰਕਾਨੂੰਨੀ ਤਰੀਕੇ ਨਾਲ ਪਟਾਖੇ ਬਣਾਉਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।
ਜ਼ਿਕਰਯੋਗ ਹੈ ਕਿ ਇਸੇ ਇਲਾਕੇ ਵਿੱਚ ਵੀਰਵਾਰ ਨੂੰ ਅਨਗੜ੍ਹ ਪੁਲਿਸ ਚੌਕੀ ਤੋਂ ਸਿਰਫ਼ 50 ਮੀਟਰ ਦੂਰ ਇੱਕ ਘਰ ਵਿੱਚ ਵੱਡਾ ਧਮਾਕਾ ਹੋਇਆ ਸੀ, ਜਿਸ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਸੀ ਜਦਕਿ ਦੋ ਲੋਕ ਜ਼ਖ਼ਮੀ ਹੋਏ ਸਨ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਸੀ।
ਛਾਪੇਮਾਰੀ ਦੌਰਾਨ ਪੁਲਿਸ ਨੇ ਕੁਲਵਿੰਦਰ ਕੌਰ ਨਾਮ ਦੀ ਮਹਿਲਾ ਨੂੰ ਮੌਕੇ ’ਤੇ ਹੀ ਕਾਬੂ ਕੀਤਾ, ਜਦੋਂ ਉਹ ਵੱਡੀ ਮਾਤਰਾ ਵਿੱਚ ਅਵੈਧ ਪਟਾਖੇ ਅਤੇ ਉਨ੍ਹਾਂ ਨੂੰ ਬਣਾਉਣ ਵਾਲਾ ਸਮਾਨ ਤਿਆਰ ਕਰ ਰਹੀ ਸੀ। ਇਸ ਤੋਂ ਬਾਅਦ ਪੁਲਿਸ ਨੇ ਐਕਸਪਲੋਸਿਵ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਘਰਾਂ ਦੇ ਅੰਦਰ ਪਟਾਖੇ ਬਣਾਉਣਾ ਬਹੁਤ ਖ਼ਤਰਨਾਕ ਹੈ ਅਤੇ ਇਸ ਨਾਲ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ, ਜਿਸ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਪੁਲਿਸ ਨੇ ਅਨਗੜ੍ਹ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਤੇ ਵੀ ਇਸ ਤਰ੍ਹਾਂ ਦੀ ਗੈਰਕਾਨੂੰਨੀ ਗਤੀਵਿਧੀ ਚੱਲ ਰਹੀ ਹੋਵੇ ਤਾਂ ਤੁਰੰਤ ਸੂਚਨਾ ਦਿੱਤੀ ਜਾਵੇ।
ਪਿਛਲੇ 15 ਸਾਲਾਂ ਵਿੱਚ ਇਸ ਇਲਾਕੇ ਵਿੱਚ 8 ਵੱਡੇ ਧਮਾਕੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚ 11 ਲੋਕਾਂ ਦੀ ਮੌਤ ਅਤੇ 29 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਕਈ ਲੋਕਾਂ ਨੇ ਆਪਣੇ ਅੰਗ ਵੀ ਗੁਆਏ ਹਨ। ਇਨ੍ਹਾਂ ਹਾਦਸਿਆਂ ਦੀ ਮੁੱਖ ਵਜ੍ਹਾ ਗੈਰਕਾਨੂੰਨੀ ਪਟਾਖਾ ਬਣਾਉਣਾ ਅਤੇ ਖ਼ਤਰਨਾਕ ਕੇਮਿਕਲਾਂ ਦੀ ਵਰਤੋਂ ਦੱਸੀ ਜਾਂਦੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH