
ਚੰਡੀਗੜ੍ਹ, 25 ਮਈ (ਹਿੰ.ਸ.)| ਹਰਿਆਣਾ ਦੀ ਸਿਹਤ, ਮੈਡੀਕਲ ਸਿੱਖਿਆ, ਰਿਸਰਚ ਅਤੇ ਆਯੁਸ਼ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਹੈ ਕਿ ਰਾਜ ਵਿੱਚ ਬਜ਼ੁਰਗ ਨਾਗਰਿਕਾਂ ਨੂੰ ਬਿਹਤਰ ਅਤੇ ਸਮਗਰ ਸਿਹਤ ਸਹੂਲਤਾਂ ਦੇਣ ਲਈ ਜਲਦ ਹੀ ਦੋ ਨਵੀਆਂ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਅਨੁਸਾਰ, ਬਜ਼ੁਰਗਾਂ ਦੀ ਸਿਹਤ ਸੇਵਾਵਾਂ ਦੀ ਨਿਗਰਾਨੀ ਅਤੇ ਸੁਧਾਰ ਲਈ “ਵ੍ਰਿਧ ਸੇਵਾ ਅਤੇ ਸਿਹਤ ਪੋਰਟਲ” ਤਿਆਰ ਕੀਤਾ ਗਿਆ ਹੈ, ਜਿਸਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ। ਇਸ ਪੋਰਟਲ ਰਾਹੀਂ ਬਜ਼ੁਰਗਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਪਾਰਦਰਸ਼ੀ ਨਿਗਰਾਨੀ ਕੀਤੀ ਜਾਵੇਗੀ।
ਮੰਤਰੀ ਨੇ ਇਹ ਵੀ ਦੱਸਿਆ ਕਿ ਰਾਜ ਦੇ ਸਾਰੇ ਆਯੁਸ਼ਮਾਨ ਆਰੋਗਿਆ ਮੰਦਿਰਾਂ ਵਿੱਚ ਹਰ ਵੀਰਵਾਰ ਵਿਸ਼ੇਸ਼ ਸਿਹਤ ਕੈਂਪ ਲਗਾਏ ਜਾਣਗੇ, ਜਿੱਥੇ ਸੀਨੀਅਰ ਨਾਗਰਿਕਾਂ ਦੀ ਜਾਂਚ ਅਤੇ ਇਲਾਜ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ “ਸੰਜੀਵਨੀ ਯੋਗ ਪ੍ਰੋਗਰਾਮ” ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਸਰਕਾਰੀ ਹਸਪਤਾਲਾਂ ਦੇ ਓਪੀਡੀ ਅਤੇ ਵੇਟਿੰਗ ਏਰੀਆ ਵਿੱਚ ਯੋਗਾ, ਪ੍ਰਾਣਾਯਾਮ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਮਾਰਗਦਰਸ਼ਨ ਦਿੱਤਾ ਜਾਵੇਗਾ। ਹਸਪਤਾਲਾਂ ਦੇ ਆਈਪੀਡੀ ਵਾਰਡਾਂ ਵਿੱਚ ਭਰਤੀ ਮਰੀਜ਼ਾਂ ਲਈ ਵੀ ਵਿਸ਼ੇਸ਼ ਯੋਗ ਥੈਰੇਪੀ ਅਤੇ ਲਾਈਫਸਟਾਈਲ ਕਾਊਂਸਲਿੰਗ ਦੀ ਸੁਵਿਧਾ ਦਿੱਤੀ ਜਾਵੇਗੀ। ਆਰਤੀ ਸਿੰਘ ਰਾਓ ਨੇ ਕਿਹਾ ਕਿ ਯੋਗ ਅਤੇ ਆਧੁਨਿਕ ਇਲਾਜ ਦੇ ਮਿਲਾਪ ਨਾਲ ਹਰਿਆਣਾ ਨੂੰ ਇੱਕ ਸਿਹਤਮੰਦ ਅਤੇ ਨਿਰੋਗੀ ਸੂਬਾ ਬਣਾਉਣ ਦੀ ਦਿਸ਼ਾ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH