
ਲੁਧਿਆਣਾ, 26 ਮਈ (ਹਿੰ.ਸ.)| ਲੁਧਿਆਣਾ ਦੇ ਹੰਬੜਾ ਇਲਾਕੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਮਹਿਲਾ ਸਰਕਾਰੀ ਕਰਮਚਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ 51 ਸਾਲਾ ਰਵੀਤਾ ਵਜੋਂ ਹੋਈ ਹੈ, ਜੋ ਲੁਧਿਆਣਾ ਦੇ ਬਹਾਦੁਰਕੇ ਰੋਡ ਦੀ ਰਹਿਣ ਵਾਲੀ ਸੀ ਅਤੇ ਜਗਰਾਉਂ ਡਾਕਘਰ ਵਿੱਚ ਸਹਾਇਕ ਡਾਕ (ਏਐਸਪੀ) ਵਜੋਂ ਸੇਵਾਵਾਂ ਨਿਭਾ ਰਹੀ ਸੀ।
ਜਾਣਕਾਰੀ ਅਨੁਸਾਰ ਰਵੀਤਾ ਆਪਣੇ ਸਹਿਕਰਮੀ ਆਕਾਸ਼ਦੀਪ ਸਿੰਘ ਨਾਲ ਮੋਟਰਸਾਈਕਲ ’ਤੇ ਡਿਊਟੀ ਲਈ ਜਗਰਾਉਂ ਜਾ ਰਹੀ ਸੀ। ਆਕਾਸ਼ਦੀਪ ਸਿੰਘ ਸਿੱਧਵਾਂ ਬੇਟ ਡਾਕਘਰ ਵਿੱਚ ਤਾਇਨਾਤ ਹਨ। ਜਦੋਂ ਦੋਵੇਂ ਹੰਬੜਾ ਵਿੱਚ ਐਚਡੀਐਫਸੀ ਬੈਂਕ ਦੇ ਸਾਹਮਣੇ ਪਹੁੰਚੇ ਤਾਂ ਅਚਾਨਕ ਇੱਕ ਵਿਅਕਤੀ ਦੌੜ ਕੇ ਸੜਕ ਪਾਰ ਕਰਨ ਲੱਗਾ ਅਤੇ ਮੋਟਰਸਾਈਕਲ ਨਾਲ ਟਕਰਾ ਗਿਆ।
ਇਸ ਟੱਕਰ ਕਾਰਨ ਬਾਈਕ ਦਾ ਸੰਤੁਲਨ ਬਿਗੜ ਗਿਆ ਅਤੇ ਪਿੱਛੇ ਬੈਠੀ ਰਵੀਤਾ ਸੜਕ ’ਤੇ ਡਿੱਗ ਪਈ। ਇਸੇ ਦੌਰਾਨ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਰਵੀਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਮੌਕੇ ’ਤੇ ਜਾਮ ਵਰਗੀ ਸਥਿਤੀ ਬਣ ਗਈ। ਦੱਸਿਆ ਜਾ ਰਿਹਾ ਹੈ ਕਿ ਰਵੀਤਾ ਦੇ ਪਤੀ ਦੀ ਕਰੀਬ 10 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਉਹ ਆਪਣੀ ਇਕਲੌਤੀ ਧੀ ਦੀ ਇਕੱਲੇ ਪਰਵਰਿਸ਼ ਕਰ ਰਹੀ ਸੀ। ਹੁਣ ਇਸ ਹਾਦਸੇ ਤੋਂ ਬਾਅਦ ਧੀ ਦੇ ਸਿਰ ਤੋਂ ਮਾਂ ਦਾ ਸਾਇਆ ਵੀ ਉੱਠ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਹੰਬੜਾ ਪੁਲਿਸ ਚੌਕੀ ਦੇ ਇੰਚਾਰਜ ਪ੍ਰਿਤਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਟਰੱਕ ਨੂੰ ਵੀ ਜ਼ਬਤ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਲਈ ਐਚਡੀਐਫਸੀ ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਫੁਟੇਜ ਦੇ ਆਧਾਰ ’ਤੇ ਹੀ ਪੂਰੀ ਘਟਨਾ ਦੀ ਸੱਚਾਈ ਸਾਹਮਣੇ ਆ ਸਕੇਗੀ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜੋ ਵੀ ਇਸ ਹਾਦਸੇ ਲਈ ਜ਼ਿੰਮੇਵਾਰ ਹੋਵੇਗਾ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH