
ਚੰਡੀਗੜ੍ਹ, 27 ਮਈ (ਹਿੰ.ਸ.)| ਚੰਡੀਗੜ੍ਹ ਨੂੰ ਅੰਤਰਰਾਸ਼ਟਰੀ ਖੇਡ ਮੰਚ ’ਤੇ ਵੱਡੀ ਪਹਿਚਾਣ ਮਿਲੀ ਹੈ। ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਨੇ ਸ਼ਹਿਰ ਨੂੰ 2027 ਏਸ਼ੀਅਨ ਰੀਲੇ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਸੌਂਪੀ ਹੈ। ਇਹ ਮੁਕਾਬਲੇ ਮਈ 2027 ਵਿੱਚ ਚੰਡੀਗੜ੍ਹ ਵਿੱਚ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਏਸ਼ੀਆ ਦੇ ਕਈ ਪ੍ਰਮੁੱਖ ਦੇਸ਼ਾਂ ਦੇ ਖਿਡਾਰੀ ਹਿੱਸਾ ਲੈਣਗੇ।
ਕਰੀਬ 38 ਸਾਲਾਂ ਬਾਅਦ ਚੰਡੀਗੜ੍ਹ ਵਿੱਚ ਕੋਈ ਵੱਡਾ ਅੰਤਰਰਾਸ਼ਟਰੀ ਖੇਡ ਸਮਾਗਮ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 1989 ਵਿੱਚ ਸ਼ਹਿਰ ਨੇ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਸੀ। ਇਹ ਫੈਸਲਾ ਬੁੱਧਵਾਰ ਨੂੰ ਹਾਂਗਕਾਂਗ ਵਿੱਚ ਹੋਈ ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਦੀ ਕੌਂਸਲ ਮੀਟਿੰਗ ਦੌਰਾਨ ਲਿਆ ਗਿਆ। ਚੰਡੀਗੜ੍ਹ ਦੀ ਮੇਜ਼ਬਾਨੀ ਲਈ ਪ੍ਰਜ਼ੈਂਟੇਸ਼ਨ ਯੂਟੀ ਪ੍ਰਸ਼ਾਸਨ ਦੇ ਗ੍ਰਹਿ ਸਕੱਤਰ ਮੰਦੀਪ ਸਿੰਘ ਬਰਾੜ ਅਤੇ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਮੁਕਾਬਲਾ ਨਿਰਦੇਸ਼ਕ ਰਵਿੰਦਰ ਚੌਧਰੀ ਵੱਲੋਂ ਦਿੱਤੀ ਗਈ।
ਪ੍ਰਜ਼ੈਂਟੇਸ਼ਨ ਵਿੱਚ ਚੰਡੀਗੜ੍ਹ ਦੀਆਂ ਵਿਸ਼ਵ ਪੱਧਰੀ ਖੇਡ ਸਹੂਲਤਾਂ, ਬਿਹਤਰ ਕਨੈਕਟੀਵਿਟੀ, ਸੁਚੱਜਾ ਸ਼ਹਿਰੀ ਢਾਂਚਾ, ਹਰਿਆਵਲਾ ਵਾਤਾਵਰਣ ਅਤੇ ਖੇਡ ਸਭਿਆਚਾਰ ਨੂੰ ਖ਼ਾਸ ਤੌਰ ’ਤੇ ਉਜਾਗਰ ਕੀਤਾ ਗਿਆ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਸ ਉਪਲਬਧੀ ’ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਇਹ ਚੰਡੀਗੜ੍ਹ ਲਈ ਮਾਣ ਵਾਲਾ ਪਲ ਹੈ ਅਤੇ ਇਸ ਨਾਲ ਸ਼ਹਿਰ ਦੀ ਪਛਾਣ ਅੰਤਰਰਾਸ਼ਟਰੀ ਖੇਡ ਕੇਂਦਰ ਵਜੋਂ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ “ਸਿਟੀ ਬਿਊਟੀਫੁਲ” ਏਸ਼ੀਆ ਭਰ ਤੋਂ ਆਉਣ ਵਾਲੇ ਖਿਡਾਰੀਆਂ ਅਤੇ ਮਹਿਮਾਨਾਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਸ ਮੌਕੇ ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਦਹਿਲਾਨ ਜੁਮਾਨ ਅਲ-ਹਮਦ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਦਾ ਪ੍ਰਤੀਕ “ਓਪਨ ਹੈਂਡ” ਮੋਮੈਂਟੋ ਵੀ ਭੇਂਟ ਕੀਤਾ ਗਿਆ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਸਮਾਗਮ ਨਾਲ ਸ਼ਹਿਰ ਦੇ ਖੇਡ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਚੰਡੀਗੜ੍ਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਲਈ ਇੱਕ ਪਸੰਦੀਦਾ ਕੇਂਦਰ ਵਜੋਂ ਉਭਰੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH