
ਚੰਡੀਗੜ੍ਹ, 29 ਮਈ (ਹਿੰ.ਸ.)| ਭਾਰਤ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਅਤੇ ਅਦਾਕਾਰ ਯੋਗਰਾਜ ਸਿੰਘ ਨੂੰ ਮਹਿਲਾਵਾਂ ‘ਤੇ ਕਥਿਤ ਆਪਤਿਜਨਕ ਟਿੱਪਣੀ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਯੋਗਰਾਜ ਸਿੰਘ ਨੇ ਹਾਈਕੋਰਟ ਦਾ ਰੁਖ ਕੀਤਾ ਸੀ।
ਸ਼ੁੱਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਯੋਗਰਾਜ ਸਿੰਘ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ। ਇਹ ਮਾਮਲਾ ਵੈੱਬ ਸੀਰੀਜ਼ ਲੁੱਖੇ ਦੀ ਇੱਕ ਵਾਇਰਲ ਵੀਡੀਓ ਕਲਿੱਪ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਯੋਗਰਾਜ ਸਿੰਘ ਦੇ ਕਿਰਦਾਰ ਵੱਲੋਂ ਮਹਿਲਾਵਾਂ ਲਈ ਕਥਿਤ ਤੌਰ ‘ਤੇ ਅਪਮਾਨਜਨਕ ਭਾਸ਼ਾ ਵਰਤੀ ਗਈ ਸੀ।
ਐਫਆਈਆਰ ਅਨੁਸਾਰ, 8 ਮਈ 2026 ਨੂੰ ਰਿਲੀਜ਼ ਹੋਈ ਵੈੱਬ ਸੀਰੀਜ਼ ‘ਲੁੱਖੇ’ ਦੀ ਇੱਕ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਸ਼ਿਕਾਇਤਕਰਤਾ ਐਡਵੋਕੇਟ ਉੱਜਵਲ ਭਸੀਨ ਨੇ ਦੋਸ਼ ਲਗਾਇਆ ਕਿ ਵੀਡੀਓ ਵਿੱਚ ਮਹਿਲਾਵਾਂ ਲਈ ਬਹੁਤ ਹੀ ਅਪਮਾਨਜਨਕ ਅਤੇ ਅਸ਼ਲੀਲ ਸ਼ਬਦ ਵਰਤੇ ਗਏ ਹਨ, ਜਿਸ ਨਾਲ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਚੰਡੀਗੜ੍ਹ ਅਦਾਲਤ ਨੇ ਆਪਣੇ ਪਹਿਲਾਂ ਦੇ ਆਦੇਸ਼ ਵਿੱਚ ਕਿਹਾ ਸੀ ਕਿ ਵੀਡੀਓ ਕਲਿੱਪ ਵਿੱਚ ਵਰਤੀ ਗਈ ਭਾਸ਼ਾ ਇੰਨੀ ਆਪਤਿਜਨਕ ਹੈ ਕਿ ਉਸਨੂੰ ਪਰਿਵਾਰ ਨਾਲ ਬੈਠ ਕੇ ਸੁਣਨਾ ਮੁਸ਼ਕਲ ਹੈ।
ਦੂਜੇ ਪਾਸੇ, ਯੋਗਰਾਜ ਸਿੰਘ ਵੱਲੋਂ ਪੇਸ਼ ਹੋਏ ਵਕੀਲਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਹ ਸਾਬਕਾ ਭਾਰਤੀ ਕ੍ਰਿਕਟਰ, ਪੰਜਾਬੀ ਅਦਾਕਾਰ ਅਤੇ ਜਨਤਕ ਜੀਵਨ ਨਾਲ ਜੁੜੇ ਵਿਅਕਤੀ ਹਨ ਅਤੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਇਸ ਮਾਮਲੇ ਵਿੱਚ ਫਸਾਇਆ ਗਿਆ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH