
ਚੰਡੀਗੜ੍ਹ, 31 ਮਈ (ਹਿੰ.ਸ.)| ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਘਨੌਰ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਅੱਜ ਪਿੰਡ ਆਕੜ ਸਥਿਤ ਗੁਰਦੁਆਰਾ ਸ੍ਰੀ ਨਿੰਮ ਸਾਹਿਬ ਪਾਤਸ਼ਾਹੀ ਨੌਵੀਂ ਤੋਂ ‘ਬੋਲੇਗਾ ਘਨੌਰ, ਬਦਲੇਗਾ ਦੌਰ’ ਪੈਦਲ ਮਾਰਚ ਦੀ ਸ਼ੁਰੂਆਤ ਕੀਤੀ। 8 ਜੂਨ ਤੱਕ ਚੱਲਣ ਵਾਲਾ ਇਹ ਪੈਦਲ ਮਾਰਚ ਹਲਕਾ ਘਨੌਰ ਦੇ 100 ਤੋਂ ਵੱਧ ਪਿੰਡਾਂ ਨੂੰ ਕਵਰ ਕਰੇਗਾ।
ਪੈਦਲ ਮਾਰਚ ਦੌਰਾਨ ਸਰਬਜੀਤ ਸਿੰਘ ਝਿੰਜਰ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ, ਵੱਖ-ਵੱਖ ਇਕੱਠਾਂ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਖੜ੍ਹਾ ਰਹੇਗਾ।
ਇਸ ਮੌਕੇ ਝਿੰਜਰ ਨੇ ਪਿੰਡ ਆਕੜ ਵਿੱਚ ਮਨਰੇਗਾ ਤਹਿਤ ਕੰਮ ਬੰਦ ਹੋਣ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਮਨਰੇਗਾ ਦੇ ਕੋਈ ਕੰਮ ਨਾ ਹੋਣ ਕਾਰਨ ਦਿਹਾੜੀਦਾਰ ਮਜ਼ਦੂਰਾਂ ਦੇ ਰੋਜ਼ਗਾਰ ਦਾ ਇੱਕ ਅਹਿਮ ਸਾਧਨ ਖਤਮ ਹੋ ਗਿਆ ਹੈ, ਜਿਸ ਨਾਲ ਪਿੰਡਾਂ ਦੇ ਗਰੀਬ ਅਤੇ ਮਜ਼ਦੂਰ ਵਰਗ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਘਨੌਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਨਿੱਜੀ ਜਾਂ ਜਨਤਕ ਸਮੱਸਿਆਵਾਂ ਨੂੰ ਆਪਣੇ ਤੱਕ ਸੀਮਤ ਨਾ ਰੱਖਣ, ਸਗੋਂ ਨਿਡਰ ਹੋ ਕੇ ਉਨ੍ਹਾਂ ਤੱਕ ਪਹੁੰਚਾਉਣ ਤਾਂ ਜੋ ਉਨ੍ਹਾਂ ਦੀ ਆਵਾਜ਼ ਨੂੰ ਉੱਚੇ ਪੱਧਰ ਤੱਕ ਲਿਜਾਇਆ ਜਾ ਸਕੇ।
ਝਿੰਜਰ ਨੇ ਕਿਹਾ ਕਿ ਇਸ ਪੈਦਲ ਮਾਰਚ ਦਾ ਮਕਸਦ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਜਾਣਨਾ ਅਤੇ ਉਨ੍ਹਾਂ ਦੇ ਹੱਲ ਲਈ ਸੰਘਰਸ਼ ਕਰਨਾ ਹੈ।
ਇਸ ਮੌਕੇ ਜਸਮੇਰ ਸਿੰਘ ਲਾਛੜੂ, ਸੁਰਜੀਤ ਸਿੰਘ ਗੜ੍ਹੀ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਹਰਕੇਸ਼ ਸਿੰਘ ਮੋਹਰੀ, ਅਮਰਿੰਦਰ ਸਿੰਘ ਬਜਾਜ, ਅਮਿਤ ਸਿੰਘ ਰਾਠੀ, ਜਸਪਾਲ ਸਿੰਘ ਬਿੱਟੂ ਚੱਠਾ, ਕਬੀਰ ਦਾਸ, ਮੱਖਣ ਸਿੰਘ ਲਾਲਕਾ, ਅੰਮ੍ਰਿਤ ਸਿੰਘ ਲੰਘ, ਕਰਨ ਸਾਹਨੀ, ਸੁਖਦੇਵ ਸਿੰਘ, ਗੁਰਦੀਪ ਸਿੰਘ ਸ਼ੇਖਪੁਰਾ, ਅਮਰਿੰਦਰ ਬਿੱਲਾ, ਹਰਬੰਸ ਸਿੰਘ, ਤੇਜਿੰਦਰਪਾਲ ਸਿੰਘ ਸੰਧੂ ਸਮੇਤ ਹਲਕਾ ਘਨੌਰ ਦੇ ਸਰਕਲ ਪ੍ਰਧਾਨ, ਸੀਨੀਅਰ ਆਗੂ ਅਤੇ ਯੂਥ ਵਿੰਗ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH