
ਚੰਡੀਗੜ੍ਹ, 12 ਜੂਨ (ਹਿੰ.ਸ.)| ਅਬੋਹਰ ਦੇ ਪਿੰਡ ਮਲੂਕਪੁਰ ਵਾਸੀ ਬੀਏ ਦੇ ਵਿਦਿਆਰਥੀ ਕਾਰਤਿਕ (18) ਦੀ ਲਾਸ਼ ਸ਼ੁੱਕਰਵਾਰ ਸਵੇਰੇ ਪਿੰਡ ਕਲਰਖੇੜਾ ਨੇੜੇ ਉਸਮਾਨਖੇੜਾ ਦੀਆਂ ਟੇਲਾਂ ਤੋਂ ਬਰਾਮਦ ਹੋਈ ਹੈ। ਨੌਜਵਾਨ ਨੇ ਕੱਲ੍ਹ ਦੁਪਹਿਰ ਮਲੂਕਪੁਰਾ ਨਹਿਰ ਵਿੱਚ ਛਾਲ ਮਾਰੀ ਸੀ।
ਸੂਚਨਾ ਮਿਲਣ ’ਤੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰ ਅਤੇ ਕਲਰਖੇੜਾ ਚੌਕੀ ਪੁਲਿਸ ਮੌਕੇ ’ਤੇ ਪਹੁੰਚੇ। ਪੁਲਿਸ ਦੀ ਮੌਜੂਦਗੀ ਵਿੱਚ ਸਮਿਤੀ ਦੇ ਮੈਂਬਰਾਂ ਵੱਲੋਂ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ।
ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਮ੍ਰਿਤਕ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪਹੁੰਚ ਕੇ ਉਸ ਦੀ ਪਛਾਣ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਅਬੋਹਰ ਦੇ ਵਾਹਿਗੁਰੂ ਕਾਲਜ ਵਿੱਚ ਪੜ੍ਹਦਾ ਕਾਰਤਿਕ ਕੱਲ੍ਹ ਦੁਪਹਿਰ ਆਪਣੀ ਮਾਂ ਨੂੰ ਅਬੋਹਰ ਵਿੱਚ ਮਾਸੀ ਦੇ ਘਰ ਛੱਡ ਕੇ ਬਾਜ਼ਾਰ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ। ਬਾਅਦ ਵਿੱਚ ਉਸ ਦੀ ਮੋਟਰਸਾਈਕਲ ਹਨੂੰਮਾਨਗੜ੍ਹ ਰੋਡ ’ਤੇ ਮਲੂਕਪੁਰਾ ਨਹਿਰ ਕਿਨਾਰੇ ਖੜ੍ਹੀ ਮਿਲੀ।
ਮ੍ਰਿਤਕ ਦੇ ਮਾਮਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਕਾਰਤਿਕ ਨੇ ਆਪਣੇ ਸੋਸ਼ਲ ਮੀਡੀਆ ’ਤੇ ‘ਗੁੱਡ ਬਾਇ’ ਦਾ ਸਟੇਟਸ ਲਗਾਇਆ ਤਾਂ ਪਰਿਵਾਰ ਨੂੰ ਉਸ ਦੇ ਨਹਿਰ ਵਿੱਚ ਛਾਲ ਮਾਰਣ ਬਾਰੇ ਪਤਾ ਲੱਗਾ। ਪਰਿਵਾਰਕ ਮੈਂਬਰਾਂ ਨੂੰ ਅਜੇ ਤੱਕ ਇਹ ਸਮਝ ਨਹੀਂ ਆ ਸਕੀ ਕਿ ਉਸ ਨੇ ਇਹ ਕਦਮ ਕਿਉਂ ਚੁੱਕਿਆ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਆਤਮਹੱਤਿਆ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH