‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’: ਹੰਸਰਾਜ ਰਘੂਵੰਸ਼ੀ ਦੇ ਭਜਨਾਂ ਨਾਲ ਅੱਜ ਸ਼ਿਵਮਈ ਹੋਵੇਗਾ ਅੰਮ੍ਰਿਤਸਰ
ਪਾਇਟੈਕਸ ਗਰਾਊਂਡ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ
ਮੀਟਿੰਗ ਦੌਰਾਨ ਅਧਿਕਾਰੀ ਅਤੇ ਸਨਾਤਨ ਸੇਵਾ ਸੰਮਤੀ ਦੇ ਨੁਮਾਇੰਦੇ।


ਅੰਮ੍ਰਿਤਸਰ, 27 ਜੂਨ (ਹਿੰ.ਸ.)। ਸਨਾਤਨ ਸੇਵਾ ਸੰਮਿਤੀ ਪੰਜਾਬ ਅਤੇ ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਵਿਭਾਗ ਦੇ ਸਾਂਝੇ ਉਪਰਾਲੇ ਨਾਲ ਅੱਜ ਪਾਇਟੈਕਸ ਗਰਾਊਂਡ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ 'ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ' ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।

ਸਮਾਗਮ ਦੀਆਂ ਤਿਆਰੀਆਂ ਦੇ ਪ੍ਰਬੰਧਾਂ ਦਾ ਜਾਇਜ਼ਾ ਸੈਰ ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਸਨਾਤਨ ਸੇਵਾ ਸੰਮਤੀ ਪੰਜਾਬ ਦੇ ਪ੍ਰਧਾਨ ਵਿਜੇ ਸ਼ਰਮਾ ਅਤੇ ਹੋਰ ਅਧਿਕਾਰੀਆਂ ਵੱਲੋਂ ਲਿਆ ਗਿਆ। ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਸਨਾਤਨ ਸੇਵਾ ਸੰਮਿਤੀ ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਅੱਜ ਸ਼ਾਮ 6:30 ਵਜੇ ਪਾਇਟੈਕਸ ਗਰਾਊਂਡ, ਰਣਜੀਤ ਐਵੀਨਿਊ ਵਿਖੇ ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਸਿੱਧ ਭਜਨ ਗਾਇਕ ਹੰਸਰਾਜ ਰਘੂਵੰਸ਼ੀ ਵੱਲੋਂ ਭਗਵਾਨ ਸ਼ਿਵ ਦੇ ਭਜਨਾਂ ਨੂੰ ਗਾਇਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸੰਗਤਾਂ ਦੀ ਸੁਰੱਖਿਆ, ਪਾਰਕਿੰਗ, ਪਾਣੀ ਅਤੇ ਮੈਡੀਕਲ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਕਿਹਾ ਕਿ ਇਸ ਸਮਾਗਮ ਰਾਹੀਂ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਆਪਣੇ ਸੱਭਿਆਚਾਰ ਨਾਲ ਜੋੜਨਾ ਚਾਹੁੰਦੇ ਹਾਂ। ਇਹ ਸਮਾਗਮ ਰਾਜਨੀਤੀ ਤੋਂ ਉੱਪਰ ਉੱਠ ਕੇ ਸਮਾਜ ਲਈ ਹੈ। ਉਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸਮਾਗਮ ਵਿੱਚ ਪਹੁੰਚ ਕੇ ਭਗਵਾਨ ਸ਼ਿਵ ਦਾ ਗੁਣ-ਗਾਣ ਕਰਨ।

ਸਨਾਤਨ ਸੇਵਾ ਸੰਮਤੀ ਪੰਜਾਬ ਦੇ ਪ੍ਰਧਾਨ ਵਿਜੇ ਸ਼ਰਮਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਦਾਖਲਾ ਬਿਲਕੁਲ ਮੁਫ਼ਤ ਹੈ। ਮੀਟਿੰਗ ਦੌਰਾਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ ਜਨਰਲ ਪੱਲਵੀ ਮਿਸ਼ਰਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੁਰਿੰਦਰ ਸਿੰਘ, ਡੀ.ਸੀ.ਪੀ. ਵਿਜੈ ਆਲਮ, ਐਸ.ਡੀ.ਐਮ. ਅੰਮ੍ਰਿਤਸਰ 1 ਅਲਕਾ ਕਾਲੀਆ, ਐਸ.ਡੀ.ਐਮ. ਅੰਮ੍ਰਿਤਸਰ 2 ਗੁਰਮਿੰਦਰ ਸਿੰਘ, ਟੂਰਿਸਟ ਅਫ਼ਸਰ ਸੁਖਮਿੰਦਰ ਸਿੰਘ ਅਤੇ ਸਨਾਤਨ ਸੇਵਾ ਸਮਿਤੀ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਵਿਜੈ ਸ਼ਰਮਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande