
ਚੰਡੀਗੜ੍ਹ, 14 ਜੁਲਾਈ (ਹਿੰ.ਸ.)| ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਭਾਰਤ ਟੈਕਸ 2026 ਦੌਰਾਨ ਪੰਜਾਬ ਸਟੇਟ ਪੈਵੇਲੀਅਨ ਦਾ ਉਦਘਾਟਨ ਕਰਦਿਆਂ ਪੰਜਾਬ ਨੂੰ ਟੈਕਸਟਾਈਲ ਨਿਵੇਸ਼ ਲਈ ਦੇਸ਼ ਦਾ ਸਭ ਤੋਂ ਪਸੰਦੀਦਾ ਸਥਾਨ ਦੱਸਿਆ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਟੈਕਸਟਾਈਲ ਖੇਤਰ ਦੀ ਪੂਰੀ ਵੈਲਿਊ ਚੇਨ ਮੌਜੂਦ ਹੈ ਅਤੇ ਸਰਕਾਰ ਵੱਲੋਂ ਨਿਵੇਸ਼ਕਾਂ ਲਈ ਪਾਰਦਰਸ਼ੀ, ਉਦਯੋਗ ਪੱਖੀ ਅਤੇ ਸਹੂਲਤਭਰਿਆ ਮਾਹੌਲ ਤਿਆਰ ਕੀਤਾ ਗਿਆ ਹੈ।
ਪੰਜਾਬ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਨਵੀਂ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ 2026 ਲਾਗੂ ਕੀਤੀ ਹੈ, ਜਿਸ ਰਾਹੀਂ ਸਿੰਗਲ ਵਿੰਡੋ ਅਤੇ ਸਿੰਗਲ ਪੈਨ ਪ੍ਰਣਾਲੀ ਤਹਿਤ ਸਮੇਂਬੱਧ ਮਨਜ਼ੂਰੀਆਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਨੇ ਕਰੀਬ ਦੋ ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ ਅਤੇ ਪੰਜ ਲੱਖ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ।
ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਉਦਯੋਗਪਤੀਆਂ ਨੂੰ ਏਟੀਐਮ ਵਾਂਗ ਸਮਝਿਆ ਜਾਂਦਾ ਸੀ, ਪਰ ਮੌਜੂਦਾ ਸਰਕਾਰ ਉਨ੍ਹਾਂ ਨੂੰ ਸੂਬੇ ਦੀ ਤਰੱਕੀ ਵਿੱਚ ਬਰਾਬਰ ਦਾ ਭਾਈਵਾਲ ਮੰਨਦੀ ਹੈ। ਉਨ੍ਹਾਂ ਕਿਹਾ ਕਿ ਲਾਲ ਫੀਤਾਸ਼ਾਹੀ ਨੂੰ ਖਤਮ ਕਰਕੇ ਨਿਵੇਸ਼ਕਾਂ ਲਈ ਕਾਰੋਬਾਰ ਕਰਨਾ ਆਸਾਨ ਬਣਾਇਆ ਗਿਆ ਹੈ ਅਤੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਰਾਈਟ ਟੂ ਬਿਜ਼ਨਸ ਐਕਟ ਲਾਗੂ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਨਰਮੇ ਦੀ ਖੇਤੀ ਤੋਂ ਲੈ ਕੇ ਧਾਗਾ, ਕੱਪੜਾ, ਪ੍ਰੋਸੈਸਿੰਗ, ਗਾਰਮੈਂਟਸ ਅਤੇ ਨਿਰਯਾਤ ਤੱਕ ਦੀ ਪੂਰੀ ਟੈਕਸਟਾਈਲ ਵੈਲਿਊ ਚੇਨ ਮੌਜੂਦ ਹੈ। ਇਹ ਏਕੀਕ੍ਰਿਤ ਈਕੋਸਿਸਟਮ ਨਿਵੇਸ਼ਕਾਂ ਨੂੰ ਇੱਕ ਹੀ ਸੂਬੇ ਵਿੱਚ ਪੂਰੀ ਉਤਪਾਦਨ ਪ੍ਰਕਿਰਿਆ ਦੀ ਸਹੂਲਤ ਪ੍ਰਦਾਨ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2024-25 ਦੌਰਾਨ ਪੰਜਾਬ ਨੇ 1.2 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਟੈਕਸਟਾਈਲ ਨਿਰਯਾਤ ਕੀਤਾ, ਜੋ ਭਾਰਤ ਦੇ ਕੁੱਲ ਟੈਕਸਟਾਈਲ ਅਤੇ ਕੱਪੜਾ ਨਿਰਯਾਤ ਦਾ ਲਗਭਗ ਚਾਰ ਫੀਸਦੀ ਹੈ। ਪੰਜਾਬ ਦੇ ਟੈਕਸਟਾਈਲ ਉਤਪਾਦ ਅਮਰੀਕਾ, ਯੂ.ਕੇ., ਯੂ.ਏ.ਈ. ਸਮੇਤ ਕਈ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਨਿਰਯਾਤ ਕੀਤੇ ਜਾਂਦੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਲੁਧਿਆਣਾ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਨਿਟਵੀਅਰ ਅਤੇ ਹੌਜ਼ਰੀ ਕਲਸਟਰ ਹੈ, ਜੋ ਦੇਸ਼ ਦੇ ਊਨੀ ਨਿਟਵੀਅਰ ਦਾ ਕਰੀਬ 90 ਫੀਸਦੀ ਅਤੇ ਹੌਜ਼ਰੀ ਉਤਪਾਦਨ ਦਾ ਲਗਭਗ 65 ਫੀਸਦੀ ਯੋਗਦਾਨ ਪਾਉਂਦਾ ਹੈ। ਉਨ੍ਹਾਂ ਵਰਧਮਾਨ, ਨਾਹਰ, ਮੋਂਟੇ ਕਾਰਲੋ, ਸਪੋਰਟਕਿੰਗ, ਸਨਾਤਨ ਟੈਕਸਟਾਈਲਜ਼ ਅਤੇ ਹੋਰ ਪ੍ਰਮੁੱਖ ਕੰਪਨੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੀ ਉਦਯੋਗਿਕ ਸਮਰੱਥਾ ਵਿਸ਼ਵ ਪੱਧਰ 'ਤੇ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ।
ਮੁੱਖ ਮੰਤਰੀ ਨੇ ਉਦਯੋਗਪਤੀਆਂ, ਗਲੋਬਲ ਬ੍ਰਾਂਡਾਂ, ਤਕਨਾਲੋਜੀ ਕੰਪਨੀਆਂ ਅਤੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਭਰੋਸੇਯੋਗ ਬਿਜਲੀ, ਆਧੁਨਿਕ ਬੁਨਿਆਦੀ ਢਾਂਚਾ, ਹੁਨਰ ਵਿਕਾਸ, ਨਵੀਨਤਾ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਸਹਿਯੋਗ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਉੱਨਤ ਟੈਕਸਟਾਈਲ ਨਿਰਮਾਣ ਅਤੇ ਉਦਯੋਗਿਕ ਨਿਵੇਸ਼ ਦਾ ਰਾਸ਼ਟਰੀ ਕੇਂਦਰ ਬਣਾਉਣ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹੋਰ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH