ਜੰਡਿਆਲਾ ਗੁਰੂ ਨੇੜੇ ਮੋਟਰ ਕਮਰੇ ਵਿੱਚੋਂ 28 ਸਾਲਾ ਨੌਜਵਾਨ ਦੀ ਲਾਸ਼ ਬਰਾਮਦ
ਅੰਮ੍ਰਿਤਸਰ, 16 ਜੁਲਾਈ (ਹਿੰ.ਸ.)| ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਮੱਲੀਆਂ ਵਿੱਚ ਜੀਟੀ ਰੋਡ ਨੇੜੇ ਖੇਤਾਂ ਵਿੱਚ ਬਣੇ ਇੱਕ ਮੋਟਰ ਕਮਰੇ ਵਿੱਚੋਂ 28 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਪਿੰਡ ਥੋਥੀਆ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ
ਜੰਡਿਆਲਾ ਗੁਰੂ ਨੇੜੇ ਮੋਟਰ ਕਮਰੇ ਵਿੱਚੋਂ 28 ਸਾਲਾ ਨੌਜਵਾਨ ਦੀ ਲਾਸ਼ ਬਰਾਮਦ


ਅੰਮ੍ਰਿਤਸਰ, 16 ਜੁਲਾਈ (ਹਿੰ.ਸ.)| ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਮੱਲੀਆਂ ਵਿੱਚ ਜੀਟੀ ਰੋਡ ਨੇੜੇ ਖੇਤਾਂ ਵਿੱਚ ਬਣੇ ਇੱਕ ਮੋਟਰ ਕਮਰੇ ਵਿੱਚੋਂ 28 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਪਿੰਡ ਥੋਥੀਆ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਪੁੱਤਰ ਕਸ਼ਮੀਰ ਸਿੰਘ, ਵਜੋਂ ਹੋਈ ਹੈ। ਸੂਚਨਾ ਮਿਲਣ 'ਤੇ ਜੰਡਿਆਲਾ ਗੁਰੂ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ।ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ 13 ਜੁਲਾਈ ਦੀ ਸ਼ਾਮ ਆਪਣੇ ਮੋਟਰਸਾਈਕਲ 'ਤੇ ਕਿਸੇ ਨਿੱਜੀ ਕੰਮ ਲਈ ਜੰਡਿਆਲਾ ਗੁਰੂ ਗਿਆ ਸੀ, ਪਰ ਉਸ ਤੋਂ ਬਾਅਦ ਘਰ ਵਾਪਸ ਨਹੀਂ ਪਰਤਿਆ। ਪਰਿਵਾਰਕ ਮੈਂਬਰਾਂ ਨੇ ਦੋ ਦਿਨ ਤੱਕ ਉਸ ਦੀ ਭਾਲ ਕੀਤੀ, ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗਿਆ। ਪਿੰਡ ਮੱਲੀਆਂ ਵਿੱਚ ਜੀਟੀ ਰੋਡ ਨੇੜੇ ਦਾਣਾ-ਪਾਣੀ ਢਾਬੇ ਦੇ ਸਾਹਮਣੇ ਖੇਤਾਂ ਵਿੱਚ ਬਣੇ ਮੋਟਰ ਕਮਰੇ ਵਿੱਚੋਂ ਉਸ ਦੀ ਲਾਸ਼ ਮਿਲੀ। ਮ੍ਰਿਤਕ ਦੀ ਮਾਤਾ ਅਤੇ ਪਿੰਡ ਥੋਥੀਆ ਦੀ ਮੌਜੂਦਾ ਪੰਚਾਇਤ ਮੈਂਬਰ ਸੁਖਵਿੰਦਰ ਕੌਰ ਨੇ ਦੱਸਿਆ ਕਿ ਗੁਰਪ੍ਰੀਤ ਪੇਂਟ ਦਾ ਕੰਮ ਕਰਦਾ ਸੀ। ਉਨ੍ਹਾਂ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਰਹਿੰਦਾ ਸੀ ਅਤੇ ਨਸ਼ੇ ਦਾ ਆਦੀ ਵੀ ਸੀ।ਗੁਰਪ੍ਰੀਤ ਆਪਣੇ ਪਿੱਛੇ ਪਤਨੀ ਅਤੇ ਤਿੰਨ ਧੀਆਂ ਛੱਡ ਗਿਆ ਹੈ। ਪਰਿਵਾਰ ਨੇ ਦੱਸਿਆ ਕਿ ਉਸ ਦੀ ਸਭ ਤੋਂ ਛੋਟੀ ਧੀ ਦਾ ਜਨਮ ਮਹਿਜ਼ ਪੰਜ ਦਿਨ ਪਹਿਲਾਂ ਹੀ ਹੋਇਆ ਸੀ। ਨੌਜਵਾਨ ਦੀ ਅਚਾਨਕ ਮੌਤ ਨਾਲ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਘਟਨਾ ਸਥਾਨ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ, ਜਿਸ ਕਾਰਨ ਕਤਲ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਕਤਲ ਦੀ ਪੁਸ਼ਟੀ ਨਹੀਂ ਕੀਤੀ।ਜਾਂਚ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਜਾਂਚ ਜਾਂ ਪੋਸਟਮਾਰਟਮ ਰਿਪੋਰਟ ਵਿੱਚ ਕਤਲ ਜਾਂ ਕਿਸੇ ਅਪਰਾਧਿਕ ਸਾਜ਼ਿਸ਼ ਦੇ ਸਬੂਤ ਮਿਲਦੇ ਹਨ ਤਾਂ ਸਬੰਧਤ ਧਾਰਾਵਾਂ ਤਹਿਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande