
ਹਰੀਕੇ ਪੱਤਣ ਸਮਾਰਕ ਲਈ ਵਿਸ਼ਵ ਪੱਧਰੀ ਫੰਡਰੇਜ਼ਿੰਗ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀਅੰਮ੍ਰਿਤਸਰ, 16 ਜੁਲਾਈ (ਹਿੰ.ਸ.)| ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰੀਕੇ ਪੱਤਣ ਵਿਖੇ ਭਾਈ ਜਸਵੰਤ ਸਿੰਘ ਖਾਲੜਾ ਅਤੇ ਪੰਜਾਬ ਵਿੱਚ ਅੱਤਵਾਦ ਦੇ ਦੌਰ ਦੌਰਾਨ ਹਿੰਸਾ, ਲਾਪਤਾ ਹੋਏ ਵਿਅਕਤੀਆਂ ਅਤੇ ਪੀੜਤ ਪਰਿਵਾਰਾਂ ਦੀ ਯਾਦ ਵਿੱਚ ਸਮਾਰਕ ਬਣਾਉਣ ਦੇ ਫ਼ੈਸਲੇ ਨੂੰ ਸਮਰਥਨ ਦਿੰਦਿਆਂ ਇੰਡਸ ਕੈਨੇਡਾ ਫਾਊਂਡੇਸ਼ਨ ਨੇ ਪ੍ਰਸਤਾਵਿਤ ਸ਼ਹੀਦੀ ਪੱਤਣ ਸਮਾਰਕ ਲਈ ਇੱਕ ਕਰੋੜ ਰੁਪਏ ਦੇ ਯੋਗਦਾਨ ਦਾ ਐਲਾਨ ਕੀਤਾ ਹੈ।ਆਈਸੀਐੱਫ ਦੇ ਪ੍ਰਧਾਨ ਵਿਕਰਮ ਬਾਜਵਾ ਨੇ ਕਿਹਾ ਕਿ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਐਲਾਨੇ ਗਏ ਫ਼ੈਸਲਿਆਂ ਦਾ ਪੂਰਾ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਕਿ ਹਰੀਕੇ ਪੱਤਣ ਨੂੰ ਸ਼ਹੀਦੀ ਪੱਤਣ ਦਾ ਦਰਜਾ ਦੇਣਾ, ਉੱਥੇ ਸਥਾਈ ਸਮਾਰਕ ਦੀ ਉਸਾਰੀ ਕਰਨਾ ਅਤੇ ਸਾਲ 1982 ਤੋਂ 1995 ਦੌਰਾਨ ਲਾਪਤਾ ਹੋਏ, ਸ਼ਹੀਦ ਮੰਨੇ ਜਾਂਦੇ ਅਤੇ ਕਥਿਤ ਤੌਰ 'ਤੇ ਲਾਵਾਰਿਸ ਦੱਸ ਕੇ ਸਸਕਾਰ ਕੀਤੇ ਗਏ ਲੋਕਾਂ ਦਾ ਰਿਕਾਰਡ ਤਿਆਰ ਕਰਨਾ ਇਤਿਹਾਸਕ ਕਦਮ ਹਨ।ਵਿਕਰਮ ਬਾਜਵਾ ਨੇ ਦੱਸਿਆ ਕਿ ਇੰਡਸ ਕੈਨੇਡਾ ਫਾਊਂਡੇਸ਼ਨ ਸਮਾਰਕ ਦੀ ਉਸਾਰੀ ਲਈ ਵਿਸ਼ਵ ਪੱਧਰ 'ਤੇ ਫੰਡਰੇਜ਼ਿੰਗ ਮੁਹਿੰਮ ਸ਼ੁਰੂ ਕਰੇਗੀ। ਇਸ ਤਹਿਤ ਅਮਰੀਕਾ, ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਜਲਦ ਹੀ ਇੱਕ ਸਮਰਪਿਤ ਆਨਲਾਈਨ ਫੰਡਰੇਜ਼ਿੰਗ ਵੈੱਬਸਾਈਟ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਰਾਹੀਂ ਦੁਨੀਆ ਭਰ ਵਿੱਚ ਵੱਸਦੇ ਐਨਆਰਆਈ ਅਤੇ ਸਿੱਖ ਭਾਈਚਾਰੇ ਦੇ ਲੋਕ ਸਿੱਧੇ ਤੌਰ 'ਤੇ ਸਮਾਰਕ ਦੇ ਨਿਰਮਾਣ ਲਈ ਆਰਥਿਕ ਯੋਗਦਾਨ ਦੇ ਸਕਣਗੇ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਨਾ ਸਿਰਫ਼ ਸਮਾਰਕ ਲਈ ਲੋੜੀਂਦੇ ਫੰਡ ਇਕੱਠੇ ਹੋਣਗੇ, ਸਗੋਂ ਵਿਸ਼ਵ ਭਰ ਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਹੋਰ ਮਜ਼ਬੂਤੀ ਨਾਲ ਜੋੜਨ ਦਾ ਮੌਕਾ ਵੀ ਮਿਲੇਗਾ।ਵਿਕਰਮ ਬਾਜਵਾ ਨੇ ਕਿਹਾ ਕਿ ਸ਼ਹੀਦੀ ਪੱਤਣ ਸਮਾਰਕ ਸਿਰਫ਼ ਇਤਿਹਾਸ ਨੂੰ ਸੰਭਾਲਣ ਦਾ ਪ੍ਰਤੀਕ ਨਹੀਂ ਹੋਵੇਗਾ, ਸਗੋਂ ਕੁਰਬਾਨੀਆਂ ਨੂੰ ਸਨਮਾਨ ਦੇਣ, ਸਮਾਜ ਵਿੱਚ ਸਾਂਝੀ ਚੰਗਿਆਈ ਅਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨ ਦਾ ਵੀ ਇੱਕ ਮਹੱਤਵਪੂਰਨ ਉਪਰਾਲਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਪਰਵਾਸੀ ਭਾਈਚਾਰਾ ਪੰਜਾਬ ਦੇ ਇਤਿਹਾਸ, ਵਿਰਸੇ ਅਤੇ ਭਵਿੱਖ ਨਾਲ ਜੁੜੇ ਅਜਿਹੇ ਹਰ ਉਪਰਾਲੇ ਲਈ ਆਪਣਾ ਪੂਰਾ ਸਹਿਯੋਗ ਦੇਣ ਲਈ ਵਚਨਬੱਧ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH