

ਚੰਡੀਗੜ੍ਹ, 23 ਜੁਲਾਈ (ਹਿੰ.ਸ.)| ਭਾਰਤ ਦੀ ਬ੍ਰਿਕਸ ਪ੍ਰਧਾਨਗੀ 2026 ਅਧੀਨ ਚੰਡੀਗੜ੍ਹ ਵਿੱਚ ਆਯੋਜਿਤ 16ਵੀਂ ਬ੍ਰਿਕਸ ਸਿਹਤ ਮੰਤਰੀਆਂ ਦੀ ਮੀਟਿੰਗ ਵੀਰਵਾਰ ਨੂੰ ਸਫਲਤਾਪੂਰਵਕ ਸੰਪੰਨ ਹੋ ਗਈ। ਮੀਟਿੰਗ ਵਿੱਚ ਬ੍ਰਿਕਸ ਮੈਂਬਰ ਦੇਸ਼ਾਂ ਦੇ ਸਿਹਤ ਮੰਤਰੀਆਂ, ਵਫ਼ਦਾਂ ਦੇ ਮੁਖੀਆਂ, ਸੀਨੀਅਰ ਅਧਿਕਾਰੀਆਂ ਅਤੇ ਜਨਤਕ ਸਿਹਤ ਮਾਹਰਾਂ ਨੇ ਹਿੱਸਾ ਲਿਆ। ਇਸ ਦੌਰਾਨ ਸਾਂਝੀਆਂ ਜਨਤਕ ਸਿਹਤ ਚੁਣੌਤੀਆਂ ਨਾਲ ਨਜਿੱਠਣ, ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਅਤੇ ਵਿਸ਼ਵ ਪੱਧਰ 'ਤੇ ਸਹਿਯੋਗ ਵਧਾਉਣ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੇ ਥੀਮ ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ ਤਹਿਤ ਹੋਈ ਇਸ ਮੀਟਿੰਗ ਨੇ ਮੈਂਬਰ ਦੇਸ਼ਾਂ ਨੂੰ ਸਿਹਤ ਖੇਤਰ ਵਿੱਚ ਸਾਂਝੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਮੰਚ ਮੁਹੱਈਆ ਕਰਵਾਇਆ। ਮੀਟਿੰਗ ਦਾ ਸਭ ਤੋਂ ਮਹੱਤਵਪੂਰਨ ਨਤੀਜਾ 16ਵੇਂ ਬ੍ਰਿਕਸ ਸਿਹਤ ਮੰਤਰੀ ਪੱਧਰੀ ਐਲਾਨਨਾਮੇ ਨੂੰ ਸਰਬਸੰਮਤੀ ਨਾਲ ਅਪਣਾਉਣਾ ਰਿਹਾ। ਇਸ ਐਲਾਨਨਾਮੇ ਰਾਹੀਂ ਬ੍ਰਿਕਸ ਦੇਸ਼ਾਂ ਨੇ ਯੂਨੀਵਰਸਲ ਹੈਲਥ ਕਵਰੇਜ, ਮਹਾਮਾਰੀ ਦੀ ਰੋਕਥਾਮ ਅਤੇ ਤਿਆਰੀ, ਡਿਜੀਟਲ ਸਿਹਤ, ਰੈਗੂਲੇਟਰੀ ਸਹਿਯੋਗ, ਸਾਂਝੀ ਖੋਜ, ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਨਾਲ ਨਜਿੱਠਣ, ਮਾਨਸਿਕ ਸਿਹਤ, ਸਿਹਤਮੰਦ ਜੀਵਨ ਸ਼ੈਲੀ ਅਤੇ ਰਵਾਇਤੀ ਦਵਾਈ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ।
ਐਲਾਨਨਾਮੇ ਵਿੱਚ ਸਸਤੀ ਅਤੇ ਗੁਣਵੱਤਾ ਵਾਲੀਆਂ ਦਵਾਈਆਂ, ਟੀਕਿਆਂ, ਡਾਇਗਨੌਸਟਿਕਸ ਅਤੇ ਮੈਡੀਕਲ ਤਕਨਾਲੋਜੀਆਂ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਣ 'ਤੇ ਵੀ ਜ਼ੋਰ ਦਿੱਤਾ ਗਿਆ। ਮੀਟਿੰਗ ਦੌਰਾਨ ਮੈਂਬਰ ਦੇਸ਼ਾਂ ਦੇ ਸਿਹਤ ਮੰਤਰੀਆਂ ਨੇ ਆਪਣੇ-ਆਪਣੇ ਦੇਸ਼ਾਂ ਦੀਆਂ ਜਨਤਕ ਸਿਹਤ ਨੀਤੀਆਂ, ਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਪੇਸ਼ ਕੀਤੀਆਂ। ਉਨ੍ਹਾਂ ਨੇ ਪ੍ਰਾਇਮਰੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ, ਮਹਾਮਾਰੀ ਨਾਲ ਨਜਿੱਠਣ ਦੀ ਸਮਰੱਥਾ ਵਧਾਉਣ, ਡਿਜੀਟਲ ਹੈਲਥ ਢਾਂਚੇ ਨੂੰ ਵਿਕਸਿਤ ਕਰਨ ਅਤੇ ਖੋਜ ਤੇ ਨਵੀਨਤਾ ਵਿੱਚ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ।
ਬ੍ਰਿਕਸ ਦੇਸ਼ਾਂ ਨੇ ਟੀਬੀ ਖੋਜ ਨੈੱਟਵਰਕ, ਮੈਡੀਕਲ ਉਤਪਾਦ ਰੈਗੂਲੇਟਰੀ ਸਹਿਯੋਗ, ਛੂਤ ਦੀਆਂ ਬਿਮਾਰੀਆਂ ਲਈ ਏਕੀਕ੍ਰਿਤ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ, ਡਿਜੀਟਲ ਸਿਹਤ ਆਰਕੀਟੈਕਚਰ, ਮਾਨਸਿਕ ਤੰਦਰੁਸਤੀ ਕੇਂਦਰਾਂ ਦੇ ਨੈੱਟਵਰਕ ਅਤੇ ਰਾਸ਼ਟਰੀ ਜਨਤਕ ਸਿਹਤ ਸੰਸਥਾਵਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਵੀ ਸਮਰਥਨ ਜਤਾਇਆ।
ਮੈਂਬਰ ਦੇਸ਼ਾਂ ਨੇ ਬ੍ਰਿਕਸ ਹੈਲਥ ਟ੍ਰੈਕ ਨੂੰ ਅੱਗੇ ਵਧਾਉਣ ਵਿੱਚ ਭਾਰਤ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਵੱਲੋਂ ਤੈਅ ਕੀਤੇ ਗਏ ਤਰਜੀਹੀ ਖੇਤਰ ਵਿਸ਼ਵ ਸਿਹਤ ਸਹਿਯੋਗ ਨੂੰ ਨਵੀਂ ਦਿਸ਼ਾ ਦੇਣਗੇ।
ਮੀਟਿੰਗ ਦੇ ਸਫਲ ਸਮਾਪਨ ਨਾਲ ਬ੍ਰਿਕਸ ਦੇਸ਼ਾਂ ਨੇ ਭਾਈਵਾਲੀ, ਨਵੀਨਤਾ, ਲਚਕੀਲਾਪਣ ਅਤੇ ਟਿਕਾਊ ਵਿਕਾਸ ਰਾਹੀਂ ਵਿਸ਼ਵ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਣੇ ਸਾਂਝੇ ਸੰਕਲਪ ਨੂੰ ਦੁਹਰਾਇਆ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ 16ਵੀਂ ਬ੍ਰਿਕਸ ਸਿਹਤ ਮੰਤਰੀਆਂ ਦੀ ਮੀਟਿੰਗ ਨੂੰ ਵਰਚੁਅਲ ਸੰਬੋਧਨ ਕਰਦਿਆਂ ਬ੍ਰਿਕਸ ਦੇ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੇ ਸਿਹਤ ਮੰਤਰੀਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਲੋਕ-ਕੇਂਦ੍ਰਿਤ ਨੀਤੀਆਂ, ਡਿਜੀਟਲ ਸਿਹਤ ਢਾਂਚੇ ਅਤੇ ਬਿਹਤਰ ਸੇਵਾਵਾਂ ਰਾਹੀਂ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ।
ਨੱਡਾ ਨੇ ਕਿਹਾ ਕਿ ਬ੍ਰਿਕਸ ਦੇਸ਼ ਵਿਸ਼ਵ ਦੇ ਟੀਬੀ ਮਾਮਲਿਆਂ ਦੇ ਵੱਡੇ ਹਿੱਸੇ ਨਾਲ ਜੂਝ ਰਹੇ ਹਨ, ਇਸ ਲਈ ਬ੍ਰਿਕਸ ਟੀਬੀ ਖੋਜ ਨੈੱਟਵਰਕ ਨੂੰ ਮਜ਼ਬੂਤ ਕਰਨਾ ਅਤੇ ਖੋਜ, ਨਵੇਂ ਇਲਾਜ ਤੇ ਟੀਕਿਆਂ ਤੱਕ ਪਹੁੰਚ ਵਧਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਮੈਡੀਕਲ ਉਤਪਾਦਾਂ ਦੀ ਗੁਣਵੱਤਾ ਅਤੇ ਸੁਰੱਖਿਆ ਲਈ ਰੈਗੂਲੇਟਰੀ ਸਹਿਯੋਗ, ਮਹਾਮਾਰੀ ਨਾਲ ਨਜਿੱਠਣ ਲਈ ਏਕੀਕ੍ਰਿਤ ਚੇਤਾਵਨੀ ਪ੍ਰਣਾਲੀ ਅਤੇ ਡਿਜੀਟਲ ਸਿਹਤ ਆਰਕੀਟੈਕਚਰ ਨੂੰ ਵੀ ਅਹਿਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਸ਼ੈਲੀ ਅਤੇ ਰੋਕਥਾਮ-ਆਧਾਰਿਤ ਸਿਹਤ ਸੰਭਾਲ ਹੀ ਭਵਿੱਖ ਦੀਆਂ ਸਿਹਤ ਚੁਣੌਤੀਆਂ ਨਾਲ ਨਜਿੱਠਣ ਦਾ ਸਭ ਤੋਂ ਪ੍ਰਭਾਵਸ਼ਾਲੀ ਰਾਹ ਹੈ।
ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਪ੍ਰਭਾਰ) ਅਤੇ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਕਿਹਾ ਕਿ ਬ੍ਰਿਕਸ ਸਿਹਤ ਮੰਤਰੀਆਂ ਦੀ ਮੀਟਿੰਗ ਦੌਰਾਨ ਆਯੁਰਵੇਦ, ਯੋਗ, ਕੁਦਰਤੀ ਚਿਕਿਤਸਾ ਅਤੇ ਹੋਰ ਰਵਾਇਤੀ ਇਲਾਜ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਸਬੰਧੀ ਵਿਸਥਾਰ ਨਾਲ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਸਾਰੇ ਮੈਂਬਰ ਦੇਸ਼ਾਂ ਨੇ ਰਵਾਇਤੀ ਚਿਕਿਤਸਾ ਖੇਤਰ ਵਿੱਚ ਸਹਿਯੋਗ, ਗਿਆਨ ਦੇ ਅਦਾਨ-ਪ੍ਰਦਾਨ, ਖੋਜ ਅਤੇ ਸਮਰੱਥਾ ਨਿਰਮਾਣ ਲਈ ਇੱਕ ਕਾਰਜ ਸਮੂਹ ਬਣਾਉਣ 'ਤੇ ਸਹਿਮਤੀ ਪ੍ਰਗਟਾਈ ਹੈ।
ਜਾਧਵ ਨੇ ਕਿਹਾ ਕਿ ਭਾਰਤ ਦੀਆਂ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ ਅਤੇ ਅੱਜ ਆਯੁਰਵੇਦ, ਯੋਗ ਅਤੇ ਕੁਦਰਤੀ ਇਲਾਜ ਪੱਧਤੀਆਂ ਨੂੰ ਦੁਨੀਆ ਦੇ ਕਈ ਦੇਸ਼ਾਂ ਵਿੱਚ ਸਵੀਕਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਕਾਰਜ ਸਮੂਹ ਨਾਲ ਬ੍ਰਿਕਸ ਦੇਸ਼ਾਂ ਵਿੱਚ ਰਵਾਇਤੀ ਚਿਕਿਤਸਾ ਨੂੰ ਸਿਹਤ ਸੇਵਾਵਾਂ ਦਾ ਹਿੱਸਾ ਬਣਾਉਣ ਅਤੇ ਇਸ ਦੇ ਵਿਗਿਆਨਕ ਆਧਾਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਯੁਸ਼ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਉਣ ਦੇ ਵਿਜ਼ਨ ਅਨੁਸਾਰ ਮੰਤਰਾਲਾ ਲਗਾਤਾਰ ਕੰਮ ਕਰ ਰਿਹਾ ਹੈ। ਜਾਧਵ ਨੇ ਦਾਅਵਾ ਕੀਤਾ ਕਿ ਪਿਛਲੇ 10 ਤੋਂ 12 ਸਾਲਾਂ ਦੌਰਾਨ ਆਯੁਸ਼ ਉਤਪਾਦਾਂ ਦੇ ਨਿਰਯਾਤ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ਅਤੇ ਕਈ ਦੇਸ਼ ਆਪਣੀ ਸਿਹਤ ਪ੍ਰਣਾਲੀ ਵਿੱਚ ਆਯੁਰਵੇਦ, ਯੋਗ ਅਤੇ ਕੁਦਰਤੀ ਚਿਕਿਤਸਾ ਨੂੰ ਸ਼ਾਮਲ ਕਰਨ ਵਿੱਚ ਦਿਲਚਸਪੀ ਦਿਖਾ ਰਹੇ ਹਨ।
ਸਿਹਤ ਮੰਤਰੀਆਂ ਅਤੇ ਡੈਲੀਗੇਟਾਂ ਨੇ ਐਫ.ਐਸ.ਐਸ.ਏ.ਆਈ., ਐਨ.ਐਚ.ਏ.ਅਤੇ ਆਯੁਸ਼ ਮੰਤਰਾਲੇ ਦੇ ਪ੍ਰਦਰਸ਼ਨੀ ਮੰਡਪਾਂ ਦਾ ਵੀ ਦੌਰਾ ਕੀਤਾ, ਜਿਸ ਵਿੱਚ ਈਟ ਰਾਈਟ ਇੰਡੀਆ ਪਹਿਲਕਦਮੀ ਦੇ ਤਹਿਤ ਐਫ.ਐਸ.ਐਸ.ਏ.ਆਈ. ਲਾਈਵ ਮਿਲੇਟ ਸੈਸ਼ਨ ਵੀ ਸ਼ਾਮਲ ਹੈ, ਜੋ ਡਿਜੀਟਲ ਸਿਹਤ, ਰਵਾਇਤੀ ਦਵਾਈ, ਖੁਰਾਕ ਸੁਰੱਖਿਆ ਅਤੇ ਸਿਹਤਮੰਦ ਜੀਵਨ ਸ਼ੈਲੀ ਵਿੱਚ ਭਾਰਤ ਦੀਆਂ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ।
16ਵੀਂ ਬ੍ਰਿਕਸ ਸਿਹਤ ਮੰਤਰੀਆਂ ਦੀ ਮੀਟਿੰਗ ਦਾ ਸਫਲ ਸਮਾਪਨ, ਭਾਈਵਾਲੀ, ਨਵੀਨਤਾ, ਲਚਕੀਲਾਪਣ ਅਤੇ ਟਿਕਾਊ ਵਿਕਾਸ ਰਾਹੀਂ ਵਿਸ਼ਵਵਿਆਪੀ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਬ੍ਰਿਕਸ ਦੇਸ਼ਾਂ ਵਿਚਕਾਰ ਸਮੂਹਿਕ ਕਾਰਵਾਈ ਨੂੰ ਅੱਗੇ ਵਧਾਉਣ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH