
ਚੰਡੀਗੜ੍ਹ, 27 ਜੁਲਾਈ (ਹਿੰ.ਸ.)| ਪੰਜਾਬ ਪੁਲਿਸ ਨੇ ਇੰਡੋਨੇਸ਼ੀਆ ਤੋਂ ਡਿਪੋਰਟ ਕਰਵਾ ਕੇ ਲਿਆਂਦੇ ਗਏ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਬਿੱਲਾ ਨੂੰ ਸੋਮਵਾਰ ਨੂੰ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਸੁਣਵਾਈ ਤੋਂ ਬਾਅਦ ਮੁਲਜ਼ਮ ਨੂੰ 8 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਹੁਣ ਪੁਲਿਸ ਉਸ ਤੋਂ ਪੁੱਛਗਿੱਛ ਕਰਕੇ ਉਸ ਦੇ ਗੈਂਗ ਅਤੇ ਅੰਤਰਰਾਸ਼ਟਰੀ ਨੈੱਟਵਰਕ ਸਬੰਧੀ ਜਾਣਕਾਰੀ ਇਕੱਠੀ ਕਰੇਗੀ।ਪੁਲਿਸ ਅਨੁਸਾਰ, ਜੋਬਨਜੀਤ ਬਿੱਲਾ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ 'ਆਪਰੇਸ਼ਨ ਨੋਮੈਡ ਹੰਟ' ਤਹਿਤ ਭਾਰਤ ਲਿਆਂਦਾ ਹੈ। ਉਹ ਲੰਬੇ ਸਮੇਂ ਤੋਂ ਫਰਾਰ ਸੀ ਅਤੇ ਉਸ ਖ਼ਿਲਾਫ਼ ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਲਈ ਇੰਟਰਪੋਲ ਵੱਲੋਂ ਪੰਜ ਰੈਫਰੈਂਸ ਵੀ ਜਾਰੀ ਕੀਤੇ ਗਏ ਸਨ।ਪੁਲਿਸ ਮੁਤਾਬਕ, 20 ਜੁਲਾਈ ਨੂੰ ਇੰਡੋਨੇਸ਼ੀਆ ਦੇ ਜਕਾਰਤਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰੈੱਡ ਕਾਰਨਰ ਨੋਟਿਸ ਦੇ ਆਧਾਰ 'ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਸ ਨੂੰ ਮੁੰਬਈ ਲਿਆਂਦਾ ਗਿਆ, ਜਿੱਥੋਂ ਪੰਜਾਬ ਪੁਲਿਸ ਟਰਾਂਜ਼ਿਟ ਰਿਮਾਂਡ 'ਤੇ ਉਸ ਨੂੰ ਮੋਹਾਲੀ ਲੈ ਆਈ।ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਪਤੇ 'ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਪਾਸਪੋਰਟ ਬਣਵਾਇਆ ਸੀ। ਇਸੇ ਪਾਸਪੋਰਟ ਦੀ ਵਰਤੋਂ ਕਰਦਿਆਂ ਉਹ ਜਨਵਰੀ 2025 ਵਿੱਚ ਭਾਰਤ ਤੋਂ ਫਰਾਰ ਹੋ ਗਿਆ। ਫਰਾਰੀ ਦੌਰਾਨ ਉਹ ਅੰਗੋਲਾ, ਜਾਰਜੀਆ, ਤੁਰਕੀਏ, ਅਜ਼ਰਬੈਜਾਨ ਅਤੇ ਇੰਡੋਨੇਸ਼ੀਆ ਸਮੇਤ ਕਈ ਦੇਸ਼ਾਂ ਵਿੱਚ ਲੁਕਦਾ ਰਿਹਾ।ਪੁਲਿਸ ਦੇ ਅਨੁਸਾਰ, ਜੋਬਨਜੀਤ ਬਿੱਲਾ ਖ਼ਿਲਾਫ਼ ਚਾਰ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਆਰਮਜ਼ ਐਕਟ ਅਤੇ ਸੰਗਠਿਤ ਅਪਰਾਧ ਨਾਲ ਸਬੰਧਤ 25 ਤੋਂ ਵੱਧ ਮਾਮਲੇ ਦਰਜ ਹਨ। ਉਹ ਅੰਮ੍ਰਿਤਸਰ ਦੀ ਹੋਮਲੈਂਡ ਹਾਈਟਸ ਸੋਸਾਇਟੀ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਵੀ ਲੋੜੀਂਦਾ ਸੀ। ਉਸ ਦੀ ਗ੍ਰਿਫ਼ਤਾਰੀ 'ਤੇ ਪੰਜਾਬ ਸਰਕਾਰ ਵੱਲੋਂ 5 ਲੱਖ ਦਾ ਇਨਾਮ ਵੀ ਐਲਾਨਿਆ ਗਿਆ ਹੋਇਆ ਸੀ।ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਮੁਲਜ਼ਮ ਤੋਂ ਉਸ ਦੇ ਗੈਂਗ, ਵਿਦੇਸ਼ ਭੱਜਣ ਵਿੱਚ ਮਦਦ ਕਰਨ ਵਾਲੇ ਵਿਅਕਤੀਆਂ, ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲੇ ਗਿਰੋਹ ਅਤੇ ਪੰਜਾਬ ਵਿੱਚ ਹੋਈਆਂ ਵੱਖ-ਵੱਖ ਅਪਰਾਧਿਕ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਪੁੱਛਗਿੱਛ ਦੌਰਾਨ ਗੈਂਗ ਦੇ ਹੋਰ ਮੈਂਬਰਾਂ ਅਤੇ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਨਾਲ ਜੁੜੇ ਕਈ ਅਹਿਮ ਖੁਲਾਸੇ ਹੋ ਸਕਦੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH