
ਮੋਹਾਲੀ, 27 ਜੁਲਾਈ (ਹਿੰ.ਸ.)| ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.-2026) ਮੁਹਿੰਮ ਤਹਿਤ ਜ਼ਿਲ੍ਹਾ ਸਵੀਪ ਟੀਮ ਨੇ ਟਰਾਂਸਜੈਂਡਰ ਸਟੇਟ ਆਈਕਨ ਰਾਜੇਸ਼ ਦਾ ਐਨੂਮਰੇਸ਼ਨ ਫਾਰਮ ਭਰਵਾਇਆ। ਇਸ ਦੌਰਾਨ ਰਾਜੇਸ਼ ਨੇ ਹਰ ਇੱਕ ਵੋਟ ਜ਼ਰੂਰੀ ਹੈ ਦਾ ਸੁਨੇਹਾ ਦਿੰਦਿਆਂ ਸਾਰੇ ਯੋਗ ਵੋਟਰਾਂ ਨੂੰ ਆਪਣਾ ਐਸ.ਆਈ.ਆਰ. ਗਣਨਾ ਫਾਰਮ ਭਰਨ ਦੀ ਅਪੀਲ ਕੀਤੀ।ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਚੱਲ ਰਹੀ ਇਸ ਮੁਹਿੰਮ ਤਹਿਤ ਜ਼ਿਲ੍ਹਾ ਸਵੀਪ ਟੀਮ ਸਮਾਜ ਦੇ ਹਰ ਵਰਗ ਤੱਕ ਪਹੁੰਚ ਕਰਕੇ ਯੋਗ ਵੋਟਰਾਂ ਦੇ ਐਨੂਮਰੇਸ਼ਨ ਫਾਰਮ ਭਰਵਾ ਰਹੀ ਹੈ। ਇਸੇ ਲੜੀ ਤਹਿਤ ਪ੍ਰੋਫੈਸਰ ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਅਤੇ ਚੋਣ ਤਹਿਸੀਲਦਾਰ ਹਰਪ੍ਰੀਤ ਕੌਰ ਦੇ ਸਹਿਯੋਗ ਨਾਲ ਰਾਜੇਸ਼ ਦਾ ਫਾਰਮ ਭਰਵਾਇਆ ਗਿਆ। ਇਸ ਮੌਕੇ ਰਾਜੇਸ਼ ਨੇ ਟਰਾਂਸਜੈਂਡਰ ਭਾਈਚਾਰੇ, ਦਿਵਿਆਂਗਜਨਾਂ, ਮਹਿਲਾਵਾਂ, ਨੌਜਵਾਨਾਂ, ਸੀਨੀਅਰ ਸਿਟੀਜ਼ਨਾਂ ਅਤੇ ਹੋਰ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਐਸ.ਆਈ.ਆਰ. ਐਨੂਮਰੇਸ਼ਨ ਫਾਰਮ ਲਾਜ਼ਮੀ ਤੌਰ 'ਤੇ ਭਰਨ ਅਤੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ ਅਤੇ ਸਮਾਵੇਸ਼ੀ ਲੋਕਤੰਤਰ ਲਈ ਹਰ ਵੋਟ ਅਹਿਮ ਹੈ।ਜ਼ਿਲ੍ਹਾ ਸਵੀਪ ਟੀਮ ਨੇ ਦੱਸਿਆ ਕਿ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.-2026) ਦਾ ਮਕਸਦ ਵੋਟਰ ਸੂਚੀ ਨੂੰ ਹੋਰ ਸਹੀ, ਪਾਰਦਰਸ਼ੀ ਅਤੇ ਸਮਾਵੇਸ਼ੀ ਬਣਾਉਣਾ ਹੈ। ਇਸ ਲਈ ਸਮਾਜ ਦੇ ਹਰ ਵਰਗ ਤੱਕ ਪਹੁੰਚ ਕਰਕੇ ਵੱਧ ਤੋਂ ਵੱਧ ਯੋਗ ਵੋਟਰਾਂ ਦੇ ਐਨੂਮਰੇਸ਼ਨ ਫਾਰਮ ਭਰਵਾਏ ਜਾ ਰਹੇ ਹਨ। ਇਸ ਮੌਕੇ ਚੋਣ ਕਾਨੂੰਨਗੋ ਸੁਰਿੰਦਰ ਬੱਤਰਾ, ਪ੍ਰੋਗਰਾਮਰ ਜਤਿੰਦਰ ਸਿੰਘ ਅਤੇ ਚੋਣ ਦਫ਼ਤਰ ਤੋਂ ਮਨਪ੍ਰੀਤ ਸਿੰਘ ਸਿੱਧੂ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH