
ਚੰਡੀਗੜ੍ਹ, 04 ਜੁਲਾਈ (ਹਿੰ.ਸ.)| ਪੰਜਾਬ ਕਾਂਗਰਸ ਦੇ ਅੰਦਰ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਣ ਰਹੀਆਂ ਸਿਆਸੀ ਸਰਗਰਮੀਆਂ ਦੇ ਦਰਮਿਆਨ ਗੁੱਟਬਾਜੀ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਨ੍ਹਾਂ ਅਟਕਲਾਂ ਨੂੰ ਪੂਰੀ ਤਰ੍ਹਾਂ ਖ਼ਾਰਜ ਕਰ ਦਿੱਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਇੱਕਜੁਟ ਹੈ ਅਤੇ ਜਲਦ ਹੀ ਸਾਰੇ ਵੱਡੇ ਨੇਤਾ ਇੱਕ ਮੰਚ ‘ਤੇ ਇਕੱਠੇ ਨਜ਼ਰ ਆਉਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਸਭ ਮਿਲ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿੱਚ ਵੱਖ-ਵੱਖ ਨੇਤਾਵਾਂ ਦੇ ਆਪਣੇ ਵਿਚਾਰ ਹੋ ਸਕਦੇ ਹਨ ਅਤੇ ਮਿਲਣ-ਜੁਲਣ ਨੂੰ ਗੁੱਟਬੰਦੀ ਨਹੀਂ ਮੰਨਿਆ ਜਾ ਸਕਦਾ। ਹਰ ਨੇਤਾ ਆਪਣੇ ਸਮਰਥਕਾਂ ਨਾਲ ਮਿਲਦਾ ਹੈ ਅਤੇ ਇਹ ਪਾਰਟੀ ਅੰਦਰ ਸਧਾਰਣ ਪ੍ਰਕਿਰਿਆ ਹੈ।ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਪਾਰਟੀ ਅੰਦਰ ਅਨੁਸ਼ਾਸਨ ਦੀ ਉਲੰਘਣਾ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਦਾ ਮੁੱਖ ਉਦੇਸ਼ ਪੰਜਾਬ ਵਿੱਚ ਦੁਬਾਰਾ ਸਰਕਾਰ ਬਣਾਉਣਾ ਹੈ ਅਤੇ ਇਸ ਲਈ ਸਾਰੇ ਨੇਤਾਵਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਨੇਤਾ ਇਕ ਮੰਚ ਅਤੇ ਇਕਜੁਟ ਟੀਮ ਵਜੋਂ ਪੰਜਾਬ ਭਰ ਵਿੱਚ ਸਾਂਝੀ ਸਿਆਸੀ ਮੁਹਿੰਮ ਚਲਾਉਂਦੇ ਨਜ਼ਰ ਆਉਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH