ਸੰਗਰੂਰ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਗਿਰੋਹ ਦਾ ਪਰਦਾਫਾਸ਼: 5 ਬਾਈਕ, 410 ਲੀਟਰ ਲਾਹਣ ਅਤੇ 7 ਗ੍ਰਾਮ ਹੈਰੋਇਨ ਬਰਾਮਦ
ਸੰਗਰੂਰ, 09 ਜੁਲਾਈ (ਹਿੰ.ਸ.)| ਸੰਗਰੂਰ ਪੁਲਿਸ ਨੇ ਅਪਰਾਧ ਅਤੇ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਖ-ਵੱਖ ਕਾਰਵਾਈਆਂ ਕਰਦਿਆਂ ਚੋਰੀ ਦੇ ਮੋਟਰਸਾਈਕਲ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਨਿਸ਼ਾਨਦੇਹੀ ''ਤੇ ਪੰਜ ਚੋਰੀਸ਼ੁਦਾ ਮੋਟਰਸਾਈਕਲ ਬਰਾ
ਸੰਗਰੂਰ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਗਿਰੋਹ ਦਾ ਪਰਦਾਫਾਸ਼: 5 ਬਾਈਕ, 410 ਲੀਟਰ ਲਾਹਣ ਅਤੇ 7 ਗ੍ਰਾਮ ਹੈਰੋਇਨ ਬਰਾਮਦ


ਸੰਗਰੂਰ, 09 ਜੁਲਾਈ (ਹਿੰ.ਸ.)| ਸੰਗਰੂਰ ਪੁਲਿਸ ਨੇ ਅਪਰਾਧ ਅਤੇ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਖ-ਵੱਖ ਕਾਰਵਾਈਆਂ ਕਰਦਿਆਂ ਚੋਰੀ ਦੇ ਮੋਟਰਸਾਈਕਲ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਨਿਸ਼ਾਨਦੇਹੀ 'ਤੇ ਪੰਜ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 410 ਲੀਟਰ ਲਾਹਣ ਅਤੇ ਨਾਜਾਇਜ਼ ਸ਼ਰਾਬ ਬਣਾਉਣ ਵਾਲਾ ਸਾਮਾਨ ਜ਼ਬਤ ਕੀਤਾ ਗਿਆ, ਜਦਕਿ ਇੱਕ ਹੋਰ ਮਾਮਲੇ ਵਿੱਚ 7 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ।

ਥਾਣਾ ਭਵਾਨੀਗੜ੍ਹ ਦੇ ਇੰਚਾਰਜ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਨਾਗਰਾ ਵਾਸੀ ਸੁਖਜੀਤ ਸਿੰਘ ਦੀ ਸ਼ਿਕਾਇਤ 'ਤੇ ਦਰਜ ਚੋਰੀ ਦੇ ਕੇਸ ਦੀ ਜਾਂਚ ਦੌਰਾਨ ਪਿੰਡ ਝਨੇੜੀ ਦੇ ਰਹਿਣ ਵਾਲੇ ਧਰਮਿੰਦਰ ਦਾਸ ਉਰਫ਼ ਬਿੱਕਾ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਮੁਲਜ਼ਮ ਦੇ ਖੁਲਾਸੇ 'ਤੇ ਵੱਖ-ਵੱਖ ਥਾਵਾਂ ਤੋਂ ਪੰਜ ਬਿਨਾਂ ਨੰਬਰ ਵਾਲੇ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ।

ਪੁਲਿਸ ਨੇ ਇਸ ਮਾਮਲੇ ਵਿੱਚ ਧਰਮਿੰਦਰ ਦਾਸ ਦੇ ਤਿੰਨ ਹੋਰ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਹੋਰ ਚੋਰੀ ਦੀਆਂ ਵਾਰਦਾਤਾਂ ਦੇ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਸੇ ਦੌਰਾਨ ਨਾਜਾਇਜ਼ ਸ਼ਰਾਬ ਖ਼ਿਲਾਫ਼ ਕਾਰਵਾਈ ਕਰਦਿਆਂ ਪੁਲਿਸ ਨੇ ਪਿੰਡ ਰੇਤਗੜ੍ਹ ਵਿੱਚ ਛਾਪਾ ਮਾਰ ਕੇ ਬਲਵੀਰ ਸਿੰਘ ਉਰਫ਼ ਬੀਰੂ ਨੂੰ ਗ੍ਰਿਫ਼ਤਾਰ ਕੀਤਾ। ਉਸ ਦੇ ਕਬਜ਼ੇ ਵਿੱਚੋਂ 410 ਲੀਟਰ ਲਾਹਣ ਅਤੇ ਸ਼ਰਾਬ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਕੀਤਾ ਗਿਆ। ਇਹ ਕਾਰਵਾਈ ਏਐਸਆਈ ਦਰਸ਼ਨ ਸਿੰਘ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ।

ਇੱਕ ਹੋਰ ਮਾਮਲੇ ਵਿੱਚ ਚੌਕੀ ਕਾਲਾਝਾੜ ਪੁਲਿਸ ਨੇ ਐਨਐਚ-7 'ਤੇ ਗਸ਼ਤ ਦੌਰਾਨ ਪਿੰਡ ਚੰਨੋ-ਖੇੜੀ ਗਿੱਲਾਂ ਮਾਰਗ 'ਤੇ ਰਵੀ ਸਿੰਘ ਵਾਸੀ ਖੇੜੀ ਗਿੱਲਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਮੁਤਾਬਕ ਮੁਲਜ਼ਮ ਨੇ ਪੁਲਿਸ ਨੂੰ ਦੇਖ ਕੇ ਆਪਣੇ ਹੱਥ ਵਿੱਚ ਫੜਿਆ ਲਿਫਾਫਾ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਸ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਲਿਫਾਫੇ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ 7 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਹੋਈ। ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande