
ਫਰੀਦਕੋਟ, 01 ਅਗਸਤ (ਹਿੰ.ਸ.)| ਥਾਣਾ ਸਦਰ ਫਰੀਦਕੋਟ ਦੀ ਪੁਲਿਸ ਨੇ ਲੁੱਟਪਾਟ ਦੀ ਯੋਜਨਾ ਬਣਾ ਰਹੇ ਇੱਕ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਸ਼ੇਰ ਸਿੰਘ ਵਾਲਾ ਦੇ ਰਹਿਣ ਵਾਲੇ ਮਨਮੋਹਨਜੀਤ ਸਿੰਘ ਉਰਫ ਮਹਿਕ, ਲਖਵਿੰਦਰ ਸਿੰਘ ਉਰਫ ਲੱਖਾ, ਪਿੰਡ ਮਹਿਮੂਆਣਾ ਵਾਸੀ ਮੋਹਿਤਪ੍ਰੀਤ ਸਿੰਘ ਉਰਫ ਮੋਹਿਤ, ਰਾਜਵਿੰਦਰ ਸਿੰਘ ਉਰਫ ਰਾਜੂ ਅਤੇ ਪਿੰਡ ਬੀਹਲੇਵਾਲਾ ਦੇ ਹਰਮੇਲ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਖਿਲਾਫ ਥਾਣਾ ਸਦਰ ਫਰੀਦਕੋਟ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਐਸਐਸਪੀ ਗੁਰਬੰਸ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਤੱਤਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਦਰ ਫਰੀਦਕੋਟ ਦੀ ਟੀਮ ਏਐਸਆਈ ਗੁਰਬਖਸ਼ ਸਿੰਘ ਦੀ ਅਗਵਾਈ ਹੇਠ ਗਸ਼ਤ ਅਤੇ ਚੈਕਿੰਗ ਕਰ ਰਹੀ ਸੀ।
ਇਸ ਦੌਰਾਨ ਸਾਦਿਕ ਰੋਡ ’ਤੇ ਪਿੰਡ ਮਚਾਕੀ ਕਲਾਂ ਨੇੜੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਕੁਝ ਨੌਜਵਾਨ ਗੈਂਗ ਬਣਾ ਕੇ ਰਾਹਗੀਰਾਂ ਨਾਲ ਲੁੱਟਪਾਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਸੂਚਨਾ ਵਿੱਚ ਇਹ ਵੀ ਦੱਸਿਆ ਗਿਆ ਕਿ ਉਕਤ ਨੌਜਵਾਨ ਇਸ ਸਮੇਂ ਪਿੰਡ ਮਹਿਮੂਆਣਾ ਦੇ ਰਜਵਾਹੇ ਨੇੜੇ ਸੁੰਨਸਾਨ ਸੜਕ ’ਤੇ ਬੈਠ ਕੇ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਹਨ।
ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ ਅਤੇ ਮੌਕੇ ਤੋਂ ਪੰਜਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਕਿਰਪਾਨ, ਇੱਕ ਲੋਹੇ ਦੀ ਪਾਈਪ, ਇੱਕ ਗੰਡਾਸਾ ਅਤੇ ਦੋ ਕਾਪੇ ਬਰਾਮਦ ਕੀਤੇ ਹਨ।
ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਪੰਜਾਂ ਮੁਲਜ਼ਮਾਂ ਵਿੱਚੋਂ ਦੋ ਖਿਲਾਫ ਪਹਿਲਾਂ ਵੀ ਤਿੰਨ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ। ਪੁਲਿਸ ਹੁਣ ਪੁੱਛਗਿੱਛ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮਾਂ ਨੇ ਪਹਿਲਾਂ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਅਤੇ ਇਸ ਵਾਰ ਉਹ ਕਿਸ ਲੁੱਟ ਦੀ ਯੋਜਨਾ ਬਣਾ ਰਹੇ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH