
ਕਪੂਰਥਲਾ, 11 ਅਗਸਤ (ਹਿੰ.ਸ.)| ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਕਿਹਾ ਕਿ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਸ਼ਿਕਾਇਤ ਨਿਵਾਰਨ ਪੋਰਟਲ ’ਤੇ ਵਪਾਰੀਆਂ ਵੱਲੋਂ ਦਰਜ ਕਰਵਾਏ ਗਏ ਮਸਲਿਆਂ ਨੂੰ ਹੱਲ ਕਰਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਵਿੱਤੀ ਸਹਾਇਤਾ ਦੀ ਲੋੜ ਵਾਲੇ ਕੰਮਾਂ ਲਈ ਤੁਰੰਤ ਪੰਜਾਬ ਸਰਕਾਰ ਨੂੰ ਤਜਵੀਜ਼ਾਂ ਭੇਜਣ ਦੇ ਨਿਰਦੇਸ਼ ਦਿੱਤੇ।ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਹੋਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਪੂਰਥਲਾ, ਫਗਵਾੜਾ, ਭੁਲੱਥ ਅਤੇ ਸੁਲਤਾਨਪੁਰ ਲੋਧੀ ਦੇ ਵਪਾਰੀਆਂ ਵੱਲੋਂ ਪੋਰਟਲ ’ਤੇ ਦਰਜ ਕਰਵਾਈਆਂ ਸ਼ਿਕਾਇਤਾਂ ਦੀ ਸਮੀਖਿਆ ਕੀਤੀ। ਇਸ ਮੌਕੇ ਫਗਵਾੜਾ ਦੇ ਏ.ਡੀ.ਸੀ.-ਕਮ-ਨਗਰ ਨਿਗਮ ਕਮਿਸ਼ਨਰ ਰਣਦੀਪ ਸਿੰਘ ਹੀਰ ਅਤੇ ਸਹਾਇਕ ਕਮਿਸ਼ਨਰ ਰਵਿੰਦਰ ਸਿੰਘ ਅਰੋੜਾ ਵੀ ਮੌਜੂਦ ਸਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੋਰਟਲ ’ਤੇ ਕੁੱਲ 392 ਸ਼ਿਕਾਇਤਾਂ ਦਰਜ ਹੋਈਆਂ ਸਨ, ਜਿਨ੍ਹਾਂ ਵਿੱਚੋਂ 184 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਦਕਿ 68 ਸ਼ਿਕਾਇਤਾਂ ਦਾ ਵਿਭਾਗ ਪੱਧਰ ’ਤੇ ਨਿਪਟਾਰਾ ਹੋਇਆ ਹੈ। ਇਸ ਤੋਂ ਇਲਾਵਾ 105 ਸ਼ਿਕਾਇਤਾਂ ਲਾਗੂ ਕਰਨ ਦੀ ਪ੍ਰਕਿਰਿਆ ਵਿੱਚ ਹਨ, 12 ਮਾਮਲੇ ਹੈੱਡਕੁਆਰਟਰ ਭੇਜੇ ਗਏ ਹਨ ਅਤੇ 16 ਨਵੀਆਂ ਸ਼ਿਕਾਇਤਾਂ ਕਾਰਵਾਈ ਲਈ ਖੁੱਲ੍ਹੀਆਂ ਹਨ।ਅਕਾਸ਼ ਬਾਂਸਲ ਨੇ ਸਬੰਧਤ ਅਧਿਕਾਰੀਆਂ ਨੂੰ ਬਕਾਇਆ ਸ਼ਿਕਾਇਤਾਂ ਦਾ ਇੱਕ ਹਫ਼ਤੇ ਦੇ ਅੰਦਰ ਨਿਪਟਾਰਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੀ ਨਿਯਮਤ ਨਿਗਰਾਨੀ ਕਰਨ ਅਤੇ ਬਿਨਾਂ ਜਾਇਜ਼ ਕਾਰਨ ਕਿਸੇ ਵੀ ਮਾਮਲੇ ਨੂੰ ਲੰਬਿਤ ਨਾ ਰੱਖਣ ਦੇ ਨਿਰਦੇਸ਼ ਦਿੱਤੇ।ਤਾਸ਼ਪੁਰ ਮਾਰਕੀਟ ਵਿੱਚ ਵਾਟਰ ਸਪਲਾਈ ਲਾਈਨ ਵਿਛਾਉਣ ਦੀ ਮੰਗ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਕਰੀਬ 3 ਲੱਖ ਰੁਪਏ ਦੀ ਤਜਵੀਜ਼ ਤੁਰੰਤ ਭੇਜਣ ਲਈ ਕਿਹਾ ਗਿਆ। ਨਡਾਲਾ ਤੋਂ ਭੁਲੱਥ ਤੱਕ ਸੜਕ ਦੇ ਮਸਲੇ ਸਬੰਧੀ ਵੀ ਲੋਕ ਨਿਰਮਾਣ ਵਿਭਾਗ ਨੂੰ ਤਜਵੀਜ਼ ਭੇਜਣ ਦੇ ਨਿਰਦੇਸ਼ ਦਿੱਤੇ ਗਏ।ਫਗਵਾੜਾ ਦੇ ਬਾਜ਼ਾਰਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਲਈ ਪੁਲਿਸ ਨੂੰ ਤਜਵੀਜ਼ ਤਿਆਰ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਫਗਵਾੜਾ ਆਉਣ ਵਾਲੇ ਵਾਹਨਾਂ ਲਈ ਢੁਕਵੇਂ ਸਾਈਨ ਬੋਰਡ ਲਗਾ ਕੇ ਟ੍ਰੈਫਿਕ ਨੂੰ ਫਲਾਈਓਵਰ ਵੱਲ ਨਿਰਦੇਸ਼ਿਤ ਕਰਨ ਦੇ ਵੀ ਨਿਰਦੇਸ਼ ਦਿੱਤੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋੜ ਪੈਣ ’ਤੇ ਵਪਾਰੀਆਂ ਦੇ ਨੁਮਾਇੰਦਿਆਂ ਨਾਲ ਸਾਂਝੇ ਫੀਲਡ ਮੁਆਇਨੇ ਕਰਕੇ ਸਮੱਸਿਆਵਾਂ ਦਾ ਜ਼ਮੀਨੀ ਪੱਧਰ ’ਤੇ ਮੁਲਾਂਕਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਸ਼ਿਕਾਇਤਾਂ ਦੇ ਸਮੇਂ ਸਿਰ ਹੱਲ ਲਈ ਵਿਭਾਗਾਂ ਵਿਚਕਾਰ ਲਗਾਤਾਰ ਤਾਲਮੇਲ ਜ਼ਰੂਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH