ਪੰਜਾਬ ਦੇ ਅਰਸ਼ਦੀਪ ਸਿੰਘ ਡਾਂਗ ਬਣੇ ਬ੍ਰਿਟਿਸ਼ ਰਾਇਲ ਏਅਰ ਫੋਰਸ ਦੇ ਪਹਿਲੇ ਸਿੱਖ ਲੜਾਕੂ ਪਾਇਲਟ
ਚੰਡੀਗੜ੍ਹ, 16 ਅਗਸਤ (ਹਿੰ.ਸ.)| ਪੰਜਾਬ ਨਾਲ ਸਬੰਧਤ ਅਰਸ਼ਦੀਪ ਸਿੰਘ ਡਾਂਗ ਨੇ ਬ੍ਰਿਟਿਸ਼ ਰਾਇਲ ਏਅਰ ਫੋਰਸ ਵਿੱਚ ਇਤਿਹਾਸ ਰਚ ਦਿੱਤਾ ਹੈ। 28 ਸਾਲਾ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬ੍ਰਿਟਿਸ਼ ਹਵਾਈ ਸੈਨਾ ਵਿੱਚ ਲੜਾਕੂ ਪਾਇਲਟ ਬਣਨ ਵਾਲੇ ਪਹਿਲੇ ਸਿੱਖ ਬਣ ਗਏ ਹਨ। ਉਨ੍ਹਾਂ
ਅਰਸ਼ਦੀਪ ਸਿੰਘ ਡਾਂਗ ਦੀ ਫਾਈਲ ਫੋਟੋ।


ਚੰਡੀਗੜ੍ਹ, 16 ਅਗਸਤ (ਹਿੰ.ਸ.)| ਪੰਜਾਬ ਨਾਲ ਸਬੰਧਤ ਅਰਸ਼ਦੀਪ ਸਿੰਘ ਡਾਂਗ ਨੇ ਬ੍ਰਿਟਿਸ਼ ਰਾਇਲ ਏਅਰ ਫੋਰਸ ਵਿੱਚ ਇਤਿਹਾਸ ਰਚ ਦਿੱਤਾ ਹੈ। 28 ਸਾਲਾ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬ੍ਰਿਟਿਸ਼ ਹਵਾਈ ਸੈਨਾ ਵਿੱਚ ਲੜਾਕੂ ਪਾਇਲਟ ਬਣਨ ਵਾਲੇ ਪਹਿਲੇ ਸਿੱਖ ਬਣ ਗਏ ਹਨ। ਉਨ੍ਹਾਂ ਨੂੰ ਇਹ ਸਨਮਾਨ ਉੱਤਰੀ ਵੇਲਜ਼ ਸਥਿਤ ਆਰਐਫਏ ਵੈਲੀ ਵਿਖੇ ਹੋਏ ਫਾਸਟ ਜੈੱਟ ਪਾਇਲਟ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਮਿਲਿਆ।ਅਰਸ਼ਦੀਪ ਸਿੰਘ ਨੇ ਆਪਣੀ ਇਸ ਪ੍ਰਾਪਤੀ ਨੂੰ ਆਪਣੇ ਦਾਦਾ ਜੀ ਦੇ ਸੁਪਨੇ ਦੀ ਪੂਰਤੀ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦੀ ਨਿੱਜੀ ਜਿੱਤ ਨਹੀਂ ਹੈ, ਸਗੋਂ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਕਾਮਯਾਬੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਨਵੀਆਂ ਉਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕਰੇ। ਅਰਸ਼ਦੀਪ ਸਿੰਘ ਡਾਂਗ ਦਾ ਜਨਮ 1998 ਵਿੱਚ ਚੰਡੀਗੜ੍ਹ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜਗਦੀਪ ਸਿੰਘ ਡਾਂਗ ਮੂਲ ਰੂਪ ਵਿੱਚ ਲੁਧਿਆਣਾ ਨਾਲ ਸਬੰਧਤ ਹਨ, ਜਦਕਿ ਉਨ੍ਹਾਂ ਦੀ ਮਾਤਾ ਗਗਨਦੀਪ ਕੌਰ ਅੰਮ੍ਰਿਤਸਰ ਨਾਲ ਸਬੰਧਤ ਹਨ।ਅਰਸ਼ਦੀਪ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਦੇ ਕਰੀਬ ਦੋ ਸਾਲ ਮੋਹਾਲੀ ਦੇ ਇੱਕ ਸਥਾਨਕ ਸਕੂਲ ਵਿੱਚ ਕੀਤੇ। ਸਾਲ 2004 ਵਿੱਚ ਜਦੋਂ ਉਹ ਸਿਰਫ਼ ਛੇ ਸਾਲ ਦੇ ਸਨ ਤਾਂ ਉਨ੍ਹਾਂ ਦਾ ਪਰਿਵਾਰ ਭਾਰਤ ਤੋਂ ਯੂਕੇ ਚਲਾ ਗਿਆ ਅਤੇ ਸਾਊਥਾਲ, ਲੰਡਨ ਵਿੱਚ ਵੱਸ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਬਾਕੀ ਪੜ੍ਹਾਈ ਬ੍ਰਿਟੇਨ ਵਿੱਚ ਹੀ ਪੂਰੀ ਕੀਤੀ। ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਅਰਸ਼ਦੀਪ ਨੇ ਯੂਨੀਵਰਸਿਟੀ ਆਫ਼ ਬ੍ਰਿਸਟਲ ਵਿੱਚ ਦਾਖਲਾ ਲਿਆ। ਉਨ੍ਹਾਂ ਨੇ ਇੱਥੋਂ ਗਣਿਤ ਅਤੇ ਦਰਸ਼ਨ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ।ਗ੍ਰੈਜੂਏਸ਼ਨ ਤੋਂ ਬਾਅਦ ਉਨ੍ਹਾਂ ਨੇ ਬ੍ਰਿਟਿਸ਼ ਰਾਇਲ ਏਅਰ ਫੋਰਸ ਵਿੱਚ ਸ਼ਾਮਲ ਹੋਣ ਲਈ ਸਖ਼ਤ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਿਆ। ਚੋਣ ਪ੍ਰਕਿਰਿਆ ਸਫਲਤਾਪੂਰਵਕ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਅਫਸਰ ਟ੍ਰੇਨਿੰਗ ਸ਼ੁਰੂ ਕੀਤੀ ਅਤੇ ਫਰਵਰੀ 2022 ਵਿੱਚ ਸਫਲਤਾਪੂਰਵਕ ਗ੍ਰੈਜੂਏਸ਼ਨ ਕਰਕੇ ਏਅਰ ਫੋਰਸ ਅਫਸਰ ਬਣੇ। ਇਸ ਤੋਂ ਬਾਅਦ ਉਨ੍ਹਾਂ ਨੇ ਲੜਾਕੂ ਜਹਾਜ਼ਾਂ ਦੀ ਪਾਇਲਟ ਟ੍ਰੇਨਿੰਗ ਦੇ ਵੱਖ-ਵੱਖ ਪੜਾਅ ਪੂਰੇ ਕੀਤੇ। ਹੁਣ ਫਾਸਟ ਜੈੱਟ ਪਾਇਲਟ ਵਜੋਂ ਯੋਗਤਾ ਹਾਸਲ ਕਰਕੇ ਉਨ੍ਹਾਂ ਨੇ ਬ੍ਰਿਟਿਸ਼ ਰਾਇਲ ਏਅਰ ਫੋਰਸ ਵਿੱਚ ਸਿੱਖ ਭਾਈਚਾਰੇ ਲਈ ਇੱਕ ਨਵਾਂ ਇਤਿਹਾਸ ਸਿਰਜਿਆ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande