
ਨਵੀਂ ਦਿੱਲੀ, 21 ਅਗਸਤ (ਹਿੰ.ਸ.)। ਭਾਰਤ ਅਤੇ ਬੰਗਲਾਦੇਸ਼ ਵਿਚਕਾਰ 1996 ਦੀ ਗੰਗਾ ਜਲ ਸੰਧੀ ਆਪਣੀ 30ਵੀਂ ਵਰ੍ਹੇਗੰਢ ਪੂਰੀ ਕਰਨ ਵਾਲੀ ਹੈ ਅਤੇ ਇਸ ਸਾਲ ਦਸੰਬਰ ਵਿੱਚ ਖਤਮ ਹੋ ਰਹੀ ਹੈ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਤਕਨੀਕੀ ਪੱਧਰ 'ਤੇ ਗੰਗਾ ਜਲ ਸੰਧੀ 'ਤੇ ਚਰਚਾ ਚੱਲ ਰਹੀ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗੰਗਾ ਜਲ ਸੰਧੀ 'ਤੇ 1996 ਵਿੱਚ 30 ਸਾਲਾਂ ਦੀ ਮਿਆਦ ਲਈ ਦਸਤਖਤ ਕੀਤੇ ਗਏ ਸਨ। ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਦਰਿਆ ਨਾਲ ਸਬੰਧਤ ਸਾਰੇ ਮੁੱਦਿਆਂ 'ਤੇ ਸਾਂਝੇ ਦਰਿਆ ਕਮਿਸ਼ਨ ਦੇ ਅਧੀਨ ਚਰਚਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਗੰਗਾ ਜਲ ਸੰਧੀ ਦੇ ਤਹਿਤ ਬਣਾਈ ਗਈ ਸੰਯੁਕਤ ਕਮੇਟੀ ਨਿਯਮਿਤ ਤੌਰ 'ਤੇ ਤਕਨੀਕੀ ਪੱਧਰ 'ਤੇ ਮਿਲਦੀ ਹੈ।
ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਗੰਗਾ ਜਲ ਸੰਧੀ ’ਤੇ ਗਰੰਟੀ ਕਲਾਜ਼ ਚਾਹੁੰਦਾ ਹੈ। ਇਹ ਕਲਾਜ 1977 ਦੀ ਸੰਧੀ ਵਿੱਚ ਮੌਜੂਦ ਸੀ ਪਰ 1996 ਦੀ ਸੰਧੀ ਵਿੱਚ ਹਟਾ ਦਿੱਤਾ ਗਿਆ। ਇਸਦੇ ਤਹਿਤ, ਬੰਗਲਾਦੇਸ਼ ਘੱਟੋ-ਘੱਟ ਪਾਣੀ ਚਾਹੁੰਦਾ ਹੈ ਭਾਵੇਂ ਸੁੱਕੇ ਮੌਸਮ ਦੌਰਾਨ ਦਰਿਆ ਦਾ ਪ੍ਰਵਾਹ ਘੱਟ ਜਾਵੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ