
ਕੋਟਕਪੂਰਾ, 24 ਅਗਸਤ (ਹਿੰ.ਸ.)| ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਧੂੜਕੋਟ ਵਿਖੇ ਬਾਬਾ ਕੇਸਰ ਕੁਮਾਰ ਜੀ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਸਾਲਾਨਾ ਮੇਲੇ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸੰਗਤ ਤੇ ਪਿੰਡ ਵਾਸੀਆਂ ਨੂੰ ਮੇਲੇ ਦੀ ਵਧਾਈ ਦਿੱਤੀ।
ਸਪੀਕਰ ਸੰਧਵਾਂ ਨੇ ਬਾਬਾ ਕੇਸਰ ਕੁਮਾਰ ਜੀ ਦੇ ਜੀਵਨ ਅਤੇ ਸਮਾਜ ਦੀ ਭਲਾਈ ਲਈ ਕੀਤੇ ਕਾਰਜਾਂ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ-ਫਕੀਰਾਂ ਅਤੇ ਸੰਤ-ਮਹਾਂਪੁਰਖਾਂ ਦੀ ਧਰਤੀ ਹੈ। ਇੱਥੇ ਕਰਵਾਏ ਜਾਂਦੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਲੋਕਾਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ, ਪਿਆਰ ਅਤੇ ਸਦਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਬਾਬਾ ਕੇਸਰ ਕੁਮਾਰ ਜੀ ਦੀ ਯਾਦ ਵਿੱਚ ਹਰ ਸਾਲ ਕਰਵਾਇਆ ਜਾਣ ਵਾਲਾ ਇਹ ਮੇਲਾ ਲੋਕਾਂ ਲਈ ਸ਼ਰਧਾ ਅਤੇ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ। ਅਜਿਹੇ ਸਮਾਗਮ ਸਮਾਜ ਵਿੱਚ ਸੇਵਾ, ਪਿਆਰ ਅਤੇ ਮਿਲਵਰਤਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸੰਧਵਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਮਹਾਂਪੁਰਖਾਂ ਵੱਲੋਂ ਦਿਖਾਏ ਮਾਰਗ ’ਤੇ ਚੱਲਦਿਆਂ ਸਮਾਜ ਵਿੱਚ ਭਾਈਚਾਰਕ ਸਾਂਝ ਅਤੇ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਮੇਲਾ ਪ੍ਰਬੰਧਕਾਂ ਅਤੇ ਸਮੂਹ ਸੰਗਤ ਨੂੰ ਮੇਲੇ ਦੀ ਸਫ਼ਲਤਾ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਇਸ ਮੌਕੇ ਸੇਵਕ ਸਿੰਘ ਹਲਕਾ ਪ੍ਰਧਾਨ, ਜਗਰੂਪ ਸਿੰਘ ਸਰਪੰਚ, ਸੁਖਜੀਤ ਸਿੰਘ ਸਰਪੰਚ, ਛਿੰਦਰਪਾਲ ਸਿੰਘ ਪ੍ਰਧਾਨ, ਕਾਕਾ ਸਿੰਘ, ਜਗਰੂਪ ਸਿੰਘ, ਸਰਦਾਰ ਸਿੰਘ, ਗੁਰਪ੍ਰੀਤ ਸਿੰਘ, ਵਿਕੀ ਸਿੰਘ, ਸੁੱਖਾ ਸਿੰਘ, ਹੈਪੀ ਸਿੰਘ, ਸੱਜਣ ਸਿੰਘ, ਅੰਗਰੇਜ ਸਿੰਘ, ਗੁਰਮੀਤ ਸਿੰਘ, ਪਰਮਜੀਤ ਕੌਰ, ਗੁਰਨਾਮ ਕੌਰ ਅਤੇ ਦਲਿਓ ਕੌਰ ਸਮੇਤ ਵੱਡੀ ਗਿਣਤੀ ਵਿੱਚ ਸੰਗਤ, ਪਿੰਡ ਵਾਸੀ, ਪਤਵੰਤੇ ਅਤੇ ਮੇਲਾ ਪ੍ਰਬੰਧਕ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH