
ਚੰਡੀਗੜ੍ਹ, 04 ਅਗਸਤ (ਹਿੰ.ਸ.)| ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਅਬੋਹਰ ਅਤੇ ਬੱਲੂਆਣਾ ਵਿਧਾਨ ਸਭਾ ਹਲਕਿਆਂ ਅਧੀਨ ਮਲੂਕਪੁਰ, ਪੰਜਾਵਾ ਅਤੇ ਲੰਬੀ ਰਜਵਾਹਿਆਂ ਦੀਆਂ ਟੇਲਾਂ ’ਤੇ ਪੈਂਦੇ ਖੇਤਾਂ ਤੱਕ ਨਹਿਰੀ ਨੈੱਟਵਰਕ ਦੀ ਸਮਰੱਥਾ ਅਨੁਸਾਰ ਪੂਰਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਨਹਿਰੀ ਪਾਣੀ ਦੀ ਘਾਟ ਹੋਣ ਦਾ ਦਾਅਵਾ ਸਹੀ ਨਹੀਂ ਹੈ।ਵਿਧਾਨ ਸਭਾ ਵਿੱਚ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਲਏ ਗਏ ਟੇਲ-ਗੇਜ ਅੰਕੜਿਆਂ ਤੋਂ ਵੀ ਇਹ ਸਪੱਸ਼ਟ ਹੁੰਦਾ ਹੈ ਕਿ ਰਜਬਾਹਿਆਂ ਦੀਆਂ ਟੇਲਾਂ ਲਗਭਗ ਪੂਰੀ ਮਨਜ਼ੂਰਸ਼ੁਦਾ ਡਿਸਚਾਰਜ ਸਮਰੱਥਾ ’ਤੇ ਚੱਲ ਰਹੀਆਂ ਹਨ।ਬਰਿੰਦਰ ਗੋਇਲ ਨੇ ਦੱਸਿਆ ਕਿ ਮਲੂਕਪੁਰ, ਪੰਜਾਵਾ ਅਤੇ ਲੰਬੀ ਰਜਬਾਹਿਆਂ ਨੂੰ ਸਰਹਿੰਦ ਫੀਡਰ ਰਾਹੀਂ ਪਾਣੀ ਮਿਲਦਾ ਹੈ, ਜਦਕਿ ਸਰਹਿੰਦ ਫੀਡਰ ਨੂੰ ਫਿਰੋਜ਼ਪੁਰ ਫੀਡਰ ਤੋਂ ਸਪਲਾਈ ਮਿਲਦੀ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਫੀਡਰ ਵਿੱਚ ਪਾਣੀ ਦਾ ਵਹਾਅ ਹਰੀਕੇ ਪੱਤਣ ਵਿਖੇ ਪਾਣੀ ਦੀ ਉਪਲਬਧਤਾ ’ਤੇ ਨਿਰਭਰ ਕਰਦਾ ਹੈ।ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਹਿਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਕੰਮਾਂ ਕਾਰਨ ਫਿਰੋਜ਼ਪੁਰ ਫੀਡਰ ਦੀ ਸਮਰੱਥਾ 2017-2022 ਦੌਰਾਨ 11,192 ਕਿਊਸਿਕ ਤੋਂ ਵਧਾ ਕੇ ਹੁਣ 13,873 ਕਿਊਸਿਕ ਕਰ ਦਿੱਤੀ ਗਈ ਹੈ। ਇਸ ਨਾਲ ਇਸ ਦੀ ਸਮਰੱਥਾ ਵਿੱਚ 2,681 ਕਿਊਸਿਕ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਸਰਹਿੰਦ ਫੀਡਰ ਦੀ ਸਮਰੱਥਾ ਵੀ 4,703 ਕਿਊਸਿਕ ਤੋਂ ਵਧਾ ਕੇ 7,000 ਕਿਊਸਿਕ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਫੀਡਰ 1954-55 ਵਿੱਚ ਬਣਿਆ ਸੀ ਅਤੇ ਕਈ ਦਹਾਕਿਆਂ ਤੱਕ ਇਸ ਦੀ ਸਮਰੱਥਾ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਮੌਜੂਦਾ ਸਰਕਾਰ ਵੱਲੋਂ ਨਹਿਰ ਦੀ ਕੰਕਰੀਟ ਲਾਈਨਿੰਗ, ਚੌੜਾਈ ਅਤੇ ਡੂੰਘਾਈ ਵਧਾਉਣ ਦੇ ਕੰਮ ਕਰਵਾਏ ਗਏ, ਜਿਸ ਨਾਲ ਪਾਣੀ ਦੀ ਲਿਜਾਣ ਸਮਰੱਥਾ ਵਿੱਚ ਵੱਡਾ ਸੁਧਾਰ ਹੋਇਆ।ਜਲ ਸਰੋਤ ਮੰਤਰੀ ਨੇ ਕਿਹਾ ਕਿ ਪਹਿਲਾਂ ਅਬੋਹਰ ਅਤੇ ਫਾਜ਼ਿਲਕਾ ਖੇਤਰਾਂ ਵਿੱਚ ਪਾਣੀ ਦੀ ਸਪਲਾਈ ਪੰਪਿੰਗ ਸਟੇਸ਼ਨਾਂ ਰਾਹੀਂ ਹੁੰਦੀ ਸੀ, ਜਿਸ ਕਾਰਨ ਕਈ ਵਾਰ ਘਾਟ ਪੈਦਾ ਹੋ ਜਾਂਦੀ ਸੀ। ਹੁਣ ਨਹਿਰੀ ਸਮਰੱਥਾ ਵਧਣ ਤੋਂ ਬਾਅਦ ਲਗਾਤਾਰ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਦੀ ਮੌਜੂਦਾ ਨਹਿਰੀ ਪ੍ਰਣਾਲੀ ਦੀ ਡਿਜ਼ਾਈਨ ਸਮਰੱਥਾ ਕਰੀਬ 36,000 ਕਿਊਸਿਕ ਹੈ, ਜਦਕਿ ਮੌਜੂਦਾ ਸਮੇਂ ਫ੍ਰੀ-ਬੋਰਡ ਸਮੇਤ ਨਹਿਰਾਂ ਵਿੱਚ ਲਗਭਗ 39,000 ਕਿਊਸਿਕ ਪਾਣੀ ਦਾ ਵਹਾਅ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਹਿਰੀ ਪ੍ਰਣਾਲੀ ਦੀ ਸਮਰੱਥਾ ਵਿੱਚ ਕਰੀਬ 12,000 ਤੋਂ 13,000 ਕਿਊਸਿਕ ਦਾ ਵਾਧਾ ਕੀਤਾ ਹੈ, ਜੋ ਇੱਕ ਹੋਰ ਭਾਖੜਾ ਨਹਿਰ ਦੇ ਬਰਾਬਰ ਹੈ।ਗੋਇਲ ਨੇ ਕਿਹਾ ਕਿ ਅਬੋਹਰ ਅਤੇ ਖੂਈਆਂ ਸਰਵਰ ਖੇਤਰ ਦੇ ਕਈ ਪਿੰਡਾਂ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਪਹਿਲੀ ਵਾਰ ਨਹਿਰੀ ਪਾਣੀ ਪਹੁੰਚਿਆ ਹੈ। ਕਿੱਕਰ ਖੇੜਾ, ਗੁੰਮਜਾਲ, ਝੁੰਮੀਆਂਵਾਲੀ ਅਤੇ ਤੂਤਵਾਲਾ ਸਮੇਤ ਕਈ ਪਿੰਡਾਂ ਦੀਆਂ ਟੇਲਾਂ ’ਤੇ 2022 ਤੋਂ ਪਹਿਲਾਂ ਸਿੰਚਾਈ ਸੀਜ਼ਨ ਦੌਰਾਨ ਪਾਣੀ ਨਹੀਂ ਪਹੁੰਚਦਾ ਸੀ।ਉਨ੍ਹਾਂ ਦੱਸਿਆ ਕਿ ਅਬੋਹਰ ਖੇਤਰ ਵਿੱਚ 200 ਤੋਂ ਵੱਧ ਖਾਲਾਂ ਦਾ ਨਿਰਮਾਣ ਅਤੇ ਨਵੀਨੀਕਰਨ ਕੀਤਾ ਗਿਆ ਹੈ ਅਤੇ ਪਾਈਪ ਲਾਈਨਾਂ ਰਾਹੀਂ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਦੇ ਪ੍ਰਬੰਧ ਕੀਤੇ ਗਏ ਹਨ।ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹਰ ਖੇਤਰ ਦੇ ਕਿਸਾਨਾਂ ਨੂੰ ਬਰਾਬਰੀ ਦੇ ਆਧਾਰ ’ਤੇ ਨਹਿਰੀ ਪਾਣੀ ਮੁਹੱਈਆ ਕਰਵਾਉਣਾ ਹੈ ਅਤੇ ਖਾਸ ਤੌਰ ’ਤੇ ਉਹਨਾਂ ਇਲਾਕਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜੋ ਲੰਮੇ ਸਮੇਂ ਤੋਂ ਸਿੰਚਾਈ ਸਹੂਲਤਾਂ ਤੋਂ ਵਾਂਝੇ ਰਹੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH