
ਮਿੱਡ ਡੇ ਮੀਲ ਖੁਦ ਖਾ ਕੇ ਪਰਖਿਆ, ਰਾਸ਼ਨ ਡਿਪੂਆਂ ’ਤੇ ਲਾਭਪਾਤਰੀਆਂ ਨੂੰ ਪੂਰੀ ਕਣਕ ਦੇਣ ਦੀਆਂ ਹਦਾਇਤਾਂ
ਫ਼ਾਜ਼ਿਲਕਾ, 11 ਸਤੰਬਰ (ਹਿੰ.ਸ.)| ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਨੇ ਨੈਸ਼ਨਲ ਫੂਡ ਸਕਿਓਰਟੀ ਐਕਟ-2013 ਅਧੀਨ ਚੱਲ ਰਹੀਆਂ ਵੱਖ-ਵੱਖ ਸਰਕਾਰੀ ਸਕੀਮਾਂ ਦਾ ਨਿਰੀਖਣ ਕਰਨ ਲਈ ਫ਼ਾਜ਼ਿਲਕਾ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਆਂਗਣਵਾੜੀ ਕੇਂਦਰਾਂ, ਰਾਸ਼ਨ ਡਿਪੂਆਂ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੇ ਜਾ ਰਹੇ ਮਿੱਡ ਡੇ ਮੀਲ ਦੀ ਜਾਂਚ ਕੀਤੀ।
ਚੇਤਨ ਪ੍ਰਕਾਸ਼ ਧਾਲੀਵਾਲ ਨੇ ਵਾਰਡ ਨੰਬਰ-2 ਦੇ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਮਿਡਲ ਸਕੂਲ ਫ਼ਾਜ਼ਿਲਕਾ, ਵਾਰਡ ਨੰਬਰ-15 ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਦਾ ਦੌਰਾ ਕਰਕੇ ਬੱਚਿਆਂ ਨੂੰ ਪਰੋਸੇ ਜਾ ਰਹੇ ਮਿੱਡ ਡੇ ਮੀਲ ਨੂੰ ਖੁਦ ਖਾ ਕੇ ਪਰਖਿਆ। ਚੈਕਿੰਗ ਦੌਰਾਨ ਖਾਣੇ ਵਿੱਚ ਕੁਝ ਖਾਮੀਆਂ ਸਾਹਮਣੇ ਆਉਣ ’ਤੇ ਉਨ੍ਹਾਂ ਸਬੰਧਤ ਸਕੂਲ ਪ੍ਰਬੰਧਕਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿੱਡ ਡੇ ਮੀਲ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੇ ਸਿਹਤਮੰਦ ਵਿਕਾਸ ਲਈ ਸਰਕਾਰ ਵੱਲੋਂ ਸਿੱਖਿਆ ਦੇ ਨਾਲ-ਨਾਲ ਪੌਸ਼ਟਿਕ ਤੇ ਮਿਆਰੀ ਭੋਜਨ ਮੁਹੱਈਆ ਕਰਵਾਉਣ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਰਕਾਰ ਵੱਲੋਂ ਸਕੂਲਾਂ ਦਾ ਆਧੁਨੀਕੀਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਬੱਚਿਆਂ ਨੂੰ ਬਿਹਤਰ ਸਿੱਖਿਆ ਅਤੇ ਸਹੂਲਤਾਂ ਮਿਲ ਸਕਣ।
ਇਸ ਤੋਂ ਇਲਾਵਾ ਉਨ੍ਹਾਂ ਆਂਗਣਵਾੜੀ ਕੇਂਦਰਾਂ ਦੀ ਵੀ ਜਾਂਚ ਕੀਤੀ ਅਤੇ ਵਿਸ਼ੇਸ਼ ਤੌਰ ’ਤੇ ਆਂਗਣਵਾੜੀ ਸੈਂਟਰ ਫ਼ਾਜ਼ਿਲਕਾ, ਸੈਂਟਰ ਕੋਡ ਨੰਬਰ 205 ਦਾ ਦੌਰਾ ਕੀਤਾ। ਉਨ੍ਹਾਂ ਕੇਂਦਰਾਂ ਵਿੱਚ ਬੱਚਿਆਂ ਅਤੇ ਲਾਭਪਾਤਰੀਆਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ।
ਰਾਸ਼ਨ ਡਿਪੂਆਂ ਦੀ ਚੈਕਿੰਗ ਦੌਰਾਨ ਉਨ੍ਹਾਂ ਜੱਟੀਆਂ ਮੁਹੱਲਾ ਸਥਿਤ ਰਾਸ਼ਨ ਡਿਪੂ ’ਤੇ ਲਾਭਪਾਤਰੀਆਂ ਨੂੰ ਦਿੱਤੀ ਜਾ ਰਹੀ ਕਣਕ ਦੀ ਜਾਂਚ ਕੀਤੀ। ਉਨ੍ਹਾਂ ਡਿਪੂ ਹੋਲਡਰ ਨੂੰ ਸਖ਼ਤ ਹਦਾਇਤ ਕੀਤੀ ਕਿ ਹਰੇਕ ਯੋਗ ਲਾਭਪਾਤਰੀ ਨੂੰ ਉਸ ਦੀ ਮਹੀਨਾਵਾਰ ਕਣਕ ਨਿਸ਼ਚਿਤ ਸਮੇਂ ਅੰਦਰ ਅਤੇ ਪੂਰੀ ਮਾਤਰਾ ਵਿੱਚ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਲਾਭਪਾਤਰੀ ਨੂੰ ਘੱਟ ਕਣਕ ਦੇਣ ਦੀ ਸ਼ਿਕਾਇਤ ਨਹੀਂ ਆਉਣੀ ਚਾਹੀਦੀ।
ਉਨ੍ਹਾਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਲਾਭਪਾਤਰੀਆਂ ਨੂੰ ਕਣਕ ਘੱਟ ਦਿੱਤੀ ਗਈ ਹੈ, ਉਨ੍ਹਾਂ ਨੂੰ ਬਣਦੀ ਪੂਰੀ ਮਾਤਰਾ ਮੁਹੱਈਆ ਕਰਵਾਈ ਜਾਵੇ। ਇਸ ਤੋਂ ਬਾਅਦ ਉਨ੍ਹਾਂ ਸ਼ਿਵ ਪੁਰੀ ਰੋਡ ਸਥਿਤ ਰਾਸ਼ਨ ਡਿਪੂ ਦਾ ਵੀ ਦੌਰਾ ਕਰਕੇ ਕਣਕ ਦੀ ਵੰਡ ਦਾ ਨਿਰੀਖਣ ਕੀਤਾ।
ਹਿੰਦੂਸਥਾਨ ਸਮਾਚਾਰ / GURSHARAN SINGH