
ਅੰਮ੍ਰਿਤਸਰ, 13 ਸਤੰਬਰ (ਹਿੰ.ਸ.)| ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਗਤ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਰਵਾਈ ਜਾ ਰਹੀ ‘ਹਮਾਰੇ ਰਾਮ’ ਨਾਟਕ ਲੜੀ ਤਹਿਤ 16 ਅਤੇ 17 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ਇਸ ਨਾਟਕ ਦਾ ਮੰਚਨ ਕੀਤਾ ਜਾਵੇਗਾ। ਦੋ ਦਿਨਾਂ ਦੌਰਾਨ ਕੁੱਲ ਚਾਰ ਸ਼ੋਅ ਕਰਵਾਏ ਜਾਣਗੇ।
ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਤੋਂ ਵਿਧਾਇਕ ਡਾ. ਅਜੇ ਗੁਪਤਾ ਅਤੇ ਸਨਾਤਨ ਸੇਵਾ ਸੰਮਤੀ ਦੇ ਮਾਝਾ ਜ਼ੋਨ ਇੰਚਾਰਜ ਪ੍ਰਨਵ ਧਵਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ 12 ਸ਼ਹਿਰਾਂ ਵਿੱਚ ‘ਹਮਾਰੇ ਰਾਮ’ ਦੀਆਂ 41 ਪੇਸ਼ਕਾਰੀਆਂ ਕਰਵਾਈਆਂ ਜਾ ਰਹੀਆਂ ਹਨ।
ਵਿਧਾਇਕ ਡਾ. ਅਜੇ ਗੁਪਤਾ ਨੇ ਦੱਸਿਆ ਕਿ 16 ਸਤੰਬਰ ਨੂੰ ਪਹਿਲਾ ਸ਼ੋਅ ਦੁਪਹਿਰ 2 ਵਜੇ ਤੋਂ ਸ਼ਾਮ 5:30 ਵਜੇ ਤੱਕ ਅਤੇ ਦੂਜਾ ਸ਼ੋਅ ਸ਼ਾਮ 6:30 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ। 17 ਸਤੰਬਰ ਨੂੰ ਵੀ ਇਹੋ ਸਮਾਂ-ਸਾਰਣੀ ਰਹੇਗੀ। ਉਨ੍ਹਾਂ ਦੱਸਿਆ ਕਿ ਸਾਰੇ ਸ਼ੋਅ ਮੁਫ਼ਤ ਹੋਣਗੇ ਅਤੇ ਇੱਕ ਸ਼ੋਅ ਵਿੱਚ 750 ਦਰਸ਼ਕਾਂ ਲਈ ਪ੍ਰਬੰਧ ਕੀਤਾ ਗਿਆ ਹੈ। ਦਾਖ਼ਲਾ ਪਾਸ ਰਾਹੀਂ ਹੋਵੇਗਾ, ਜੋ ‘ਬੁੱਕ ਮਾਈ ਸ਼ੋਅ’ ਐਪ ਤੋਂ ਬੁੱਕ ਕਰਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਪਾਸ ਸੈਰ-ਸਪਾਟਾ ਵਿਭਾਗ ਅੰਮ੍ਰਿਤਸਰ, ਡਿਪਟੀ ਕਮਿਸ਼ਨਰ ਦਫ਼ਤਰ ਅਤੇ ਸਨਾਤਨ ਸੇਵਾ ਸੰਮਤੀ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।
ਪ੍ਰਨਵ ਧਵਨ ਨੇ ਦੱਸਿਆ ਕਿ ਫੈਲਿਸਿਟੀ ਥੀਏਟਰ ਵੱਲੋਂ ਤਿਆਰ ਕੀਤਾ ਗਿਆ ‘ਹਮਾਰੇ ਰਾਮ’ ਇੱਕ ਵਿਸ਼ਾਲ ਹਿੰਦੀ ਸਟੇਜ ਪ੍ਰੋਗਰਾਮ ਹੈ, ਜਿਸ ਵਿੱਚ ਆਧੁਨਿਕ ਲਾਈਟ ਅਤੇ ਸਾਊਂਡ ਤਕਨੀਕ, ਮਨਮੋਹਕ ਦ੍ਰਿਸ਼ ਅਤੇ ਹਵਾਈ ਕਲਾਬਾਜ਼ੀਆਂ ਰਾਹੀਂ ਰਾਮਾਇਣ ਦੀ ਕਥਾ ਨੂੰ ਪੇਸ਼ ਕੀਤਾ ਜਾਂਦਾ ਹੈ। ਨਾਟਕ ਵਿੱਚ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਰਾਵਣ ਅਤੇ ਰਾਹੁਲ ਆਰ. ਭੂਚਰ ਭਗਵਾਨ ਰਾਮ ਦੀ ਭੂਮਿਕਾ ਨਿਭਾ ਰਹੇ ਹਨ।
ਉਨ੍ਹਾਂ ਕਿਹਾ ਕਿ ਨਾਟਕ ਨੂੰ ਰਵਾਇਤੀ ਢੰਗ ਤੋਂ ਵੱਖਰੇ ਦ੍ਰਿਸ਼ਟੀਕੋਣ ਨਾਲ ਪੇਸ਼ ਕੀਤਾ ਗਿਆ ਹੈ। ਕਥਾ ਸੀਤਾ ਮਾਤਾ ਦੇ ਵਿਛੋੜੇ ਤੋਂ ਬਾਅਦ ਲਵ-ਕੁਸ਼ ਵੱਲੋਂ ਭਗਵਾਨ ਰਾਮ ਦਾ ਸਾਹਮਣਾ ਕਰਨ ਤੋਂ ਸ਼ੁਰੂ ਹੁੰਦੀ ਹੈ ਅਤੇ ਸੂਰਜ ਦੇਵਤਾ ਦੇ ਦ੍ਰਿਸ਼ਟੀਕੋਣ ਰਾਹੀਂ ਕਹਾਣੀ ਨੂੰ ਅੱਗੇ ਵਧਾਇਆ ਜਾਂਦਾ ਹੈ।
ਧਵਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੋਹਾਲੀ, ਬਠਿੰਡਾ, ਜਲੰਧਰ, ਫਿਰੋਜ਼ਪੁਰ, ਹੁਸ਼ਿਆਰਪੁਰ, ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਨਾਟਕ ਦੇ ਸ਼ੋਅ ਕਰਵਾਏ ਜਾ ਚੁੱਕੇ ਹਨ। ਆਉਣ ਵਾਲੇ ਦਿਨਾਂ ਵਿੱਚ ਪਟਿਆਲਾ, ਖੰਨਾ, ਲੁਧਿਆਣਾ ਅਤੇ ਸੰਗਰੂਰ ਵਿੱਚ ਵੀ ਇਸ ਦੀਆਂ ਪੇਸ਼ਕਾਰੀਆਂ ਹੋਣਗੀਆਂ।
ਉਨ੍ਹਾਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਸਮੇਤ ਇਸ ਵਿਸ਼ੇਸ਼ ਨਾਟਕ ਦਾ ਆਨੰਦ ਲੈਣ ਲਈ ਸ਼ੋਅ ਵਿੱਚ ਜ਼ਰੂਰ ਪਹੁੰਚਣ। ਇਸ ਮੌਕੇ ਐੱਸ.ਡੀ.ਐੱਮ. ਅੰਮ੍ਰਿਤਸਰ-1 ਅਲਕਾ ਕਾਲੀਆ ਅਤੇ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH