ਲਾਹੌਰ ਬੋਰਡ ਦੀ ਮੈਟ੍ਰਿਕ ਪ੍ਰੀਖਿਆ ’ਚ ਦੂਜਾ ਸਥਾਨ ਹਾਸਲ ਕਰਨ ਵਾਲੇ ਉਂਕਾਰ ਸਿੰਘ ਦਾ ਸ਼੍ਰੋਮਣੀ ਕਮੇਟੀ ਕਰੇਗੀ ਸਨਮਾਨ
51 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਹੋਵੇਗਾ ਸਨਮਾਨ, ਵਿਦਿਆਰਥੀ ਦੀ ਪ੍ਰਾਪਤੀ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ: ਕੁਲਵੰਤ ਸਿੰਘ ਮੰਨਣ ਅੰਮ੍ਰਿਤਸਰ, 14 ਸਤੰਬਰ (ਹਿੰ.ਸ.)| ਪਾਕਿਸਤਾਨ ਦੇ ਲਾਹੌਰ ਬੋਰਡ ਆਫ਼ ਇੰਟਰਮੀਡੀਏਟ ਐਂਡ ਸੈਕੰਡਰੀ ਐਜੂਕੇਸ਼ਨ ਦੀਆਂ ਸਾਲਾਨਾ ਮੈਟ੍ਰਿਕ ਪ੍ਰੀਖਿਆਵਾਂ ਵਿੱਚ ਲਹਿੰਦੇ ਪੰਜਾ
ਲਾਹੌਰ ਬੋਰਡ ਦੀ ਮੈਟ੍ਰਿਕ ਪ੍ਰੀਖਿਆ ’ਚ ਦੂਜਾ ਸਥਾਨ ਹਾਸਲ ਕਰਨ ਵਾਲੇ ਉਂਕਾਰ ਸਿੰਘ ਦਾ ਸ਼੍ਰੋਮਣੀ ਕਮੇਟੀ ਕਰੇਗੀ ਸਨਮਾਨ


51 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਹੋਵੇਗਾ ਸਨਮਾਨ, ਵਿਦਿਆਰਥੀ ਦੀ ਪ੍ਰਾਪਤੀ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ: ਕੁਲਵੰਤ ਸਿੰਘ ਮੰਨਣ

ਅੰਮ੍ਰਿਤਸਰ, 14 ਸਤੰਬਰ (ਹਿੰ.ਸ.)| ਪਾਕਿਸਤਾਨ ਦੇ ਲਾਹੌਰ ਬੋਰਡ ਆਫ਼ ਇੰਟਰਮੀਡੀਏਟ ਐਂਡ ਸੈਕੰਡਰੀ ਐਜੂਕੇਸ਼ਨ ਦੀਆਂ ਸਾਲਾਨਾ ਮੈਟ੍ਰਿਕ ਪ੍ਰੀਖਿਆਵਾਂ ਵਿੱਚ ਲਹਿੰਦੇ ਪੰਜਾਬ ਸੂਬੇ ਵਿੱਚੋਂ ਦੂਜਾ ਸਥਾਨ ਹਾਸਲ ਕਰਨ ਵਾਲੇ ਸਿੱਖ ਵਿਦਿਆਰਥੀ ਉਂਕਾਰ ਸਿੰਘ ਦੀ ਸ਼ਾਨਦਾਰ ਵਿੱਦਿਅਕ ਪ੍ਰਾਪਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਵੇਗੀ। ਐਸਜੀਪੀਸੀ ਵੱਲੋਂ ਉਂਕਾਰ ਸਿੰਘ ਨੂੰ 51 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਜੀਪੀਸੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਬੀਤੇ ਦਿਨੀਂ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਉਂਕਾਰ ਸਿੰਘ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਉਂਕਾਰ ਸਿੰਘ ਨੇ ਇਸ ਤੋਂ ਪਹਿਲਾਂ ਨੌਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਵੀ ਦੂਜਾ ਸਥਾਨ ਹਾਸਲ ਕੀਤਾ ਸੀ। ਉਹ ਲਗਾਤਾਰ ਵਿੱਦਿਅਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਆਪਣੀ ਮਿਹਨਤ ਤੇ ਲਿਆਕਤ ਨਾਲ ਸਫਲਤਾ ਹਾਸਲ ਕਰ ਰਿਹਾ ਹੈ। ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਉਂਕਾਰ ਸਿੰਘ ਦੇ ਪਿਤਾ ਡਾ. ਮਿਮਪਾਲ ਸਿੰਘ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ। ਉਹ ਵਿੱਦਿਅਕ ਅਤੇ ਡਾਕਟਰੀ ਖੇਤਰ ਵਿੱਚ ਵੀ ਵਿਸ਼ੇਸ਼ ਪਛਾਣ ਰੱਖਦੇ ਹਨ।

ਉਨ੍ਹਾਂ ਮੁਤਾਬਕ ਡਾ. ਮਿਮਪਾਲ ਸਿੰਘ ਪਾਕਿਸਤਾਨ ਦੇ ਪਹਿਲੇ ਸਿੱਖ ਡਾਕਟਰ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਲਈ ਪਾਕਿਸਤਾਨ ਸਰਕਾਰ ਵੱਲੋਂ ਤਮਗਾ-ਏ-ਇਮਤਿਆਜ਼ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਮੰਨਣ ਨੇ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ ਭਾਈਚਾਰਾ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਉਂਕਾਰ ਸਿੰਘ ਵੱਲੋਂ ਵਿੱਦਿਅਕ ਖੇਤਰ ਵਿੱਚ ਹਾਸਲ ਕੀਤੀ ਇਹ ਪ੍ਰਾਪਤੀ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਨੌਜਵਾਨਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਉਂਕਾਰ ਸਿੰਘ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਮਿਹਨਤ, ਲਿਆਕਤ ਅਤੇ ਲਗਨ ਨਾਲ ਉੱਚੀਆਂ ਮੰਜ਼ਿਲਾਂ ਹਾਸਲ ਕਰੇਗਾ ਅਤੇ ਸਿੱਖ ਕੌਮ ਦਾ ਨਾਮ ਰੌਸ਼ਨ ਕਰੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande