
ਤਹਿਰਾਨ, 02 ਸਤੰਬਰ (ਹਿੰ.ਸ.)। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ 'ਤੇ ਮੰਗਲਵਾਰ ਸ਼ਾਮ ਨੂੰ ਦੇਸ਼ ਦੇ ਦੱਖਣੀ ਹਿੱਸੇ ਵਿੱਚ ਇੱਕ ਵਿਆਹ ਦੀ ਪਾਰਟੀ 'ਤੇ ਹਵਾਈ ਹਮਲਾ ਕਰਨ ਦਾ ਦੋਸ਼ ਲਗਾਇਆ ਹੈ, ਜਿਸ ਵਿੱਚ 50 ਤੋਂ ਵੱਧ ਲੋਕ ਮਾਰੇ ਗਏ ਜਾਂ ਜ਼ਖਮੀ ਹੋਏ। ਮੰਤਰਾਲੇ ਦੇ ਬੁਲਾਰੇ ਇਸਮਾਈਲ ਬਕਾਈ ਨੇ ਐਕਸ 'ਤੇ ਕਿਹਾ ਕਿ ਦੱਖਣੀ ਹੋਰਮੋਜ਼ਗਨ ਸੂਬੇ ਦੇ ਸਿਰਿਕ ਜ਼ਿਲ੍ਹੇ ਦੇ ਕੁਹੇਸਤਕ ਵਿੱਚ ਵਿਆਹ ਵਾਲੇ ਘਰ 'ਤੇ ਰਾਤ ਨੂੰ ਭਿਆਨਕ ਹਮਲਾ ਹੋਇਆ। ਇਸ ਹਮਲੇ ਵਿੱਚ ਵਿਆਹ ਦਾ ਜਸ਼ਨ ਮਨਾ ਰਹੇ 50 ਤੋਂ ਵੱਧ ਮਰਦ, ਔਰਤਾਂ ਅਤੇ ਬੱਚੇ ਮਾਰੇ ਗਏ ਜਾਂ ਜ਼ਖਮੀ ਹੋਏ।
ਸੀਬੀਐਸ ਨਿਊਜ਼ ਦੀ ਰਿਪੋਰਟ ਦੇ ਅਨੁਸਾਰ, ਅਮਰੀਕੀ ਅਧਿਕਾਰੀਆਂ ਨੇ ਈਰਾਨੀ ਵਿਦੇਸ਼ ਮੰਤਰਾਲੇ ਦੇ ਦੋਸ਼ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਬਕਾਈ ਨੇ ਇਸ ਕਥਿਤ ਹਮਲੇ ਨੂੰ ਅਮਰੀਕੀ ਜ਼ੁਲਮ ਦਾ ਇੱਕ ਹੋਰ ਕਿੱਸਾ ਦੱਸਿਆ। ਉਨ੍ਹਾਂ ਕਿਹਾ ਕਿ ਯੁੱਧ ਦੀ ਸ਼ੁਰੂਆਤ ਵਿੱਚ, ਮਿਨਾਬ ਵਿੱਚ ਇੱਕ ਸਕੂਲ 'ਤੇ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਦਰਜਨਾਂ ਬੱਚੇ ਮਾਰੇ ਗਏ ਸਨ।
ਬਕਾਈ ਨੇ ਕਿਹਾ,ਬੰਬ ਨਾਲੋਂ ਵੀ ਖ਼ਤਰਨਾਕ ਹੈ ਕੁਝ ਦਿਨਾਂ ਬਾਅਦ ਸਭ ਆਮ ਹੋ ਜਾਣਾ। ਚੁੱਪ ਰਹਿਣ ਨਾਲੋਂ ਵੀ ਖ਼ਤਰਨਾਕ ਹੈ ਚੁੱਪ ਨੂੰ ਜਾਇਜ਼ ਠਹਿਰਾਉਣਾ। ਈਰਾਨ ਇਨ੍ਹਾਂ ਵਹਿਸ਼ੀ ਅਪਰਾਧਾਂ ਦਾ ਸਖ਼ਤ ਜਵਾਬ ਦੇਵੇਗਾ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਲੋਕ ਅੱਜ ਚੁੱਪ ਹਨ, ਉਹ ਕੱਲ੍ਹ ਦੇ ਨਤੀਜਿਆਂ ਤੋਂ ਨਹੀਂ ਬਚ ਸਕਣਗੇ। ਅੱਖਾਂ ਮੀਟ ਕੇ ਬੇਇਨਸਾਫ਼ੀ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਨਾਲ ਸਿਰਫ਼ ਅਪਰਾਧੀ ਹੋਰ ਬੇਖੌਫ਼ ਹੋ ਜਾਂਦੇ ਹਨ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ