
ਗੌਰਮੈਂਟ ਟੀਚਰ ਯੂਨੀਅਨ ਨੇ ਸਰਕਾਰ ਤੋਂ ਇੱਕ ਹਫ਼ਤੇ ਅੰਦਰ ਦੁਕਾਨਦਾਰਾਂ ਦੀਆਂ ਅਦਾਇਗੀਆਂ ਕਰਨ ਦੀ ਕੀਤੀ ਮੰਗ
ਪਟਿਆਲਾ, 21 ਸਤੰਬਰ (ਹਿੰ.ਸ.)| ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਚਾਲੂ ਸੈਸ਼ਨ ਦਾ ਅੱਧਾ ਸਮਾਂ ਬੀਤਣ ਦੇ ਬਾਵਜੂਦ ਸਕੂਲੀ ਵਰਦੀਆਂ ਨਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੌਰਮੈਂਟ ਟੀਚਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਪਟਿਆਲਾ ਇਕਾਈ ਨੇ ਦੋਸ਼ ਲਾਇਆ ਹੈ ਕਿ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਵੱਡੀਆਂ ਜਮਾਤਾਂ ਤੱਕ ਦੇ ਕਈ ਵਿਦਿਆਰਥੀ ਅਜੇ ਵੀ ਵਰਦੀਆਂ ਦੀ ਉਡੀਕ ਕਰ ਰਹੇ ਹਨ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਸਕੱਤਰ ਪਰਮਜੀਤ ਸਿੰਘ ਪਟਿਆਲੇ ਨੇ ਕਿਹਾ ਕਿ ਕੁਝ ਸਕੂਲਾਂ ਵਿੱਚ ਦੁਕਾਨਦਾਰਾਂ ਵੱਲੋਂ ਵਰਦੀਆਂ ਪਹੁੰਚਾਈਆਂ ਗਈਆਂ ਹਨ, ਪਰ ਉਨ੍ਹਾਂ ਅਨੁਸਾਰ ਦੁਕਾਨਦਾਰਾਂ ਨੂੰ ਅਜੇ ਤੱਕ ਇਨ੍ਹਾਂ ਦੀ ਅਦਾਇਗੀ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਨਵੇਂ ਸਾਫਟਵੇਅਰ ਦੀ ਪ੍ਰਕਿਰਿਆ ਦਾ ਹਵਾਲਾ ਦੇ ਕੇ ਵਰਦੀਆਂ ਦੀ ਵੰਡ ਅਤੇ ਅਦਾਇਗੀ ਵਿੱਚ ਦੇਰੀ ਹੋ ਰਹੀ ਹੈ।
ਅਧਿਆਪਕ ਆਗੂਆਂ ਨੇ ਕਿਹਾ ਕਿ ਵਰਦੀਆਂ ਲਈ ਨਿਰਧਾਰਤ ਰਕਮ ਪਹਿਲਾਂ ਹੀ ਘੱਟ ਹੈ ਅਤੇ ਇਸ ਰਕਮ ਵਿੱਚ ਮਿਆਰੀ ਵਰਦੀਆਂ ਤਿਆਰ ਕਰਵਾਉਣਾ ਦੁਕਾਨਦਾਰਾਂ ਲਈ ਮੁਸ਼ਕਲ ਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿਹੜੇ ਦੁਕਾਨਦਾਰ ਹਦਾਇਤਾਂ ਅਨੁਸਾਰ ਵਰਦੀਆਂ ਮੁਹੱਈਆ ਕਰਵਾ ਦਿੰਦੇ ਹਨ, ਉਨ੍ਹਾਂ ਨੂੰ ਵੀ ਕਈ ਮਹੀਨਿਆਂ ਤੱਕ ਅਦਾਇਗੀ ਦੀ ਉਡੀਕ ਕਰਨੀ ਪੈਂਦੀ ਹੈ।
ਯੂਨੀਅਨ ਆਗੂਆਂ ਨੇ ਸਰਕਾਰ ਦੀ ਸਿੱਖਿਆ ਨੀਤੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਸਮੇਂ ਸਿਰ ਬੁਨਿਆਦੀ ਸਹੂਲਤ ਵਜੋਂ ਵਰਦੀ ਹੀ ਨਹੀਂ ਮਿਲਦੀ ਤਾਂ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਦਾਅਵਿਆਂ ’ਤੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਦਖ਼ਲ ਦੇ ਕੇ ਦੁਕਾਨਦਾਰਾਂ ਦੀਆਂ ਬਕਾਇਆ ਅਦਾਇਗੀਆਂ ਇੱਕ ਹਫ਼ਤੇ ਦੇ ਅੰਦਰ ਜਾਰੀ ਕਰੇ, ਤਾਂ ਜੋ ਬਾਕੀ ਰਹਿੰਦੇ ਵਿਦਿਆਰਥੀਆਂ ਨੂੰ ਵੀ ਸਕੂਲੀ ਵਰਦੀਆਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਵਰਦੀਆਂ ਦੀ ਵੰਡ ਦੀ ਪ੍ਰਕਿਰਿਆ ਨੂੰ ਵੀ ਤੇਜ਼ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਹੋਰ ਇੰਤਜ਼ਾਰ ਨਾ ਕਰਨਾ ਪਵੇ।
ਹਿੰਦੂਸਥਾਨ ਸਮਾਚਾਰ / GURSHARAN SINGH