
1 ਦਸੰਬਰ ਤੋਂ 4 ਜਨਵਰੀ ਤੱਕ ਹੋਵੇਗਾ ਦੂਜਾ ਪੜਾਅ, 16 ਤੋਂ 30 ਨਵੰਬਰ ਤੱਕ ਨਾਗਰਿਕ ਕਰ ਸਕਣਗੇ ਸਵੈ-ਗਣਨਾ
ਕਪੂਰਥਲਾ, 21 ਸਤੰਬਰ (ਹਿੰ.ਸ.)| ਜ਼ਿਲ੍ਹੇ ਵਿੱਚ ਮਰਦਮਸ਼ੁਮਾਰੀ-2027 ਤਹਿਤ ਦੂਜੇ ਪੜਾਅ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਚਾਰਜ ਅਫ਼ਸਰਾਂ ਦਾ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਅਧਿਕਾਰੀਆਂ ਨੂੰ ਮਰਦਮਸ਼ੁਮਾਰੀ ਨਾਲ ਸਬੰਧਤ ਡਿਊਟੀਆਂ, ਪ੍ਰਕਿਰਿਆਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਸਿਖਲਾਈ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਦੇ ਸਮੂਹ ਤਹਿਸੀਲਦਾਰਾਂ ਅਤੇ ਕਾਰਜ ਸਾਧਕ ਅਫ਼ਸਰਾਂ (ਈ.ਓਜ਼), ਉਨ੍ਹਾਂ ਦੇ ਤਕਨੀਕੀ ਸਹਾਇਕਾਂ ਅਤੇ ਮਰਦਮਸ਼ੁਮਾਰੀ ਅਮਲੇ ਨੇ ਭਾਗ ਲਿਆ। ਪੰਜਾਬ ਦੇ ਮਰਦਮਸ਼ੁਮਾਰੀ ਵਿਭਾਗ ਵੱਲੋਂ ਤਾਇਨਾਤ ਜ਼ਿਲ੍ਹਾ ਕੋਆਰਡੀਨੇਟਰ ਵਿੱਕੀ ਕੁਮਾਰ ਕਟਾਰੀਆ, ਜ਼ਿਲ੍ਹਾ ਇੰਚਾਰਜ ਵਿਨੈ ਕੁਮਾਰ ਅਤੇ ਏ.ਆਰ.ਓ. ਜਗਪਾਲ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ।
ਸਿਖਲਾਈ ਦੌਰਾਨ ਚਾਰਜ ਅਫ਼ਸਰਾਂ ਨੂੰ ਮਰਦਮਸ਼ੁਮਾਰੀ ਦੇ ਕੰਮ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ। ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ’ਤੇ ਤਾਲਮੇਲ, ਡੇਟਾ ਇਕੱਠਾ ਕਰਨ ਦੀ ਪ੍ਰਕਿਰਿਆ, ਨਿਰਧਾਰਤ ਫਾਰਮੈਟਾਂ ਦੀ ਵਰਤੋਂ ਅਤੇ ਮਰਦਮਸ਼ੁਮਾਰੀ ਦੀਆਂ ਹੋਰ ਪ੍ਰਕਿਰਿਆਵਾਂ ਬਾਰੇ ਵਿਸਥਾਰ ਨਾਲ ਮਾਰਗਦਰਸ਼ਨ ਦਿੱਤਾ ਗਿਆ।
ਇਸ ਮੌਕੇ ਭਾਗੀਦਾਰਾਂ ਨਾਲ ਜ਼ਮੀਨੀ ਪੱਧਰ ’ਤੇ ਕੰਮ ਦੌਰਾਨ ਆਉਣ ਵਾਲੀਆਂ ਸੰਭਾਵਿਤ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਅਧਿਕਾਰੀਆਂ ਨੂੰ ਇਨ੍ਹਾਂ ਚੁਣੌਤੀਆਂ ਦੇ ਪ੍ਰਭਾਵਸ਼ਾਲੀ ਹੱਲ ਅਤੇ ਮਰਦਮਸ਼ੁਮਾਰੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਲੋੜੀਂਦੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਮਰਦਮਸ਼ੁਮਾਰੀ-2027 ਦਾ ਦੂਜਾ ਪੜਾਅ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕਰਵਾਇਆ ਜਾਵੇਗਾ। ਇਸ ਦੌਰਾਨ ਗਿਣਤੀਕਾਰ ਘਰ-ਘਰ ਜਾ ਕੇ ਲੋੜੀਂਦਾ ਡੇਟਾ ਇਕੱਠਾ ਕਰਨਗੇ। ਇਸ ਤੋਂ ਬਾਅਦ 5 ਜਨਵਰੀ ਤੋਂ 9 ਜਨਵਰੀ 2027 ਤੱਕ ਸੋਧ ਪੜਾਅ ਕਰਵਾਇਆ ਜਾਵੇਗਾ ਅਤੇ 9 ਜਨਵਰੀ ਨੂੰ ਇਹ ਪ੍ਰਕਿਰਿਆ ਮੁਕੰਮਲ ਹੋਵੇਗੀ।
ਨਾਗਰਿਕਾਂ ਦੀ ਸਹੂਲਤ ਲਈ ਸਵੈ-ਗਣਨਾ ਪੋਰਟਲ 16 ਨਵੰਬਰ ਤੋਂ 30 ਨਵੰਬਰ 2026 ਤੱਕ ਖੁੱਲ੍ਹਾ ਰਹੇਗਾ। ਇਸ ਰਾਹੀਂ ਨਾਗਰਿਕ ਆਨਲਾਈਨ ਆਪਣੀ ਮਰਦਮਸ਼ੁਮਾਰੀ ਸਬੰਧੀ ਜਾਣਕਾਰੀ ਖੁਦ ਦਰਜ ਕਰ ਸਕਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH