
ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਵੀ ਫੜਿਆ ਪਾਰਟੀ ਦਾ ਪੱਲਾ, ਚੰਡੀਗੜ੍ਹ ਵਿੱਚ ਹੋਇਆ ਸ਼ਾਮਲ ਹੋਣ ਦਾ ਸਮਾਗਮਚੰਡੀਗੜ੍ਹ, 23 ਸਤੰਬਰ (ਹਿੰ.ਸ.)| ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਬੁੱਧਵਾਰ ਨੂੰ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋ ਗਏ। ਚੰਡੀਗੜ੍ਹ ਵਿੱਚ ਹੋਏ ਸਮਾਗਮ ਦੌਰਾਨ ਉਨ੍ਹਾਂ ਨੇ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਮੌਕੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਸਮੇਤ ਪਾਰਟੀ ਦੇ ਆਗੂ ਮੌਜੂਦ ਸਨ।ਨਿਰੰਜਨ ਸਿੰਘ ਨੇ ਪਾਰਟੀ ਵਿੱਚ ਸ਼ਾਮਲ ਹੋਣ ਮੌਕੇ ਕਿਹਾ ਕਿ ਉਹ ਆਪਣੇ ਆਪ ਨੂੰ ਸਿਆਸੀ ਵਿਅਕਤੀ ਨਹੀਂ ਮੰਨਦੇ ਅਤੇ ਸਿਆਸਤ ਵਿੱਚ ਆਉਣ ਦੀ ਉਨ੍ਹਾਂ ਦੀ ਪਹਿਲਾਂ ਕੋਈ ਇੱਛਾ ਨਹੀਂ ਸੀ। ਉਨ੍ਹਾਂ ਪੰਜਾਬ ਵਿੱਚ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਬੰਧ ਵਿੱਚ ਤਬਦੀਲੀ ਲਈ ਲੋਕਾਂ ਵੱਲੋਂ ਸਵਾਲ ਪੁੱਛੇ ਜਾਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਲੋਕ ਅਕਸਰ ਆਪਣੇ ਨਿੱਜੀ ਨਫ਼ੇ-ਨੁਕਸਾਨ ਤੱਕ ਸੀਮਤ ਹੋ ਜਾਂਦੇ ਹਨ।ਨਿਰੰਜਨ ਸਿੰਘ ਈਡੀ ਵਿੱਚ ਆਪਣੀ ਸੇਵਾ ਦੌਰਾਨ ਪੰਜਾਬ ਨਾਲ ਸਬੰਧਤ ਕਈ ਅਹਿਮ ਮਾਮਲਿਆਂ ਦੀ ਜਾਂਚ ਨਾਲ ਜੁੜੇ ਰਹੇ। ਉਹ ਜਗਦੀਸ਼ ਸਿੰਘ ਭੋਲਾ ਨਾਲ ਸਬੰਧਤ ਨਸ਼ਾ ਅਤੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਵਿੱਚ ਵੀ ਸ਼ਾਮਲ ਰਹੇ। ਇਸ ਮਾਮਲੇ ਦੀ ਜਾਂਚ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਸੀ। ਇਸੇ ਦੌਰਾਨ ਜਲੰਧਰ ਤੋਂ ਉਨ੍ਹਾਂ ਦੇ ਤਬਾਦਲੇ ਦਾ ਮਾਮਲਾ ਵੀ ਚਰਚਾ ਵਿੱਚ ਆਇਆ ਸੀ। ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਆਪਣੇ ਤਬਾਦਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ ਅਤੇ ਬਾਅਦ ਵਿੱਚ ਇਹ ਤਬਾਦਲਾ ਰੱਦ ਕਰ ਦਿੱਤਾ ਗਿਆ ਸੀ। ਨਿਰੰਜਨ ਸਿੰਘ ਮਈ 2021 ਵਿੱਚ ਈਡੀ ਤੋਂ ਸੇਵਾਮੁਕਤ ਹੋਏ ਸਨ।ਇਸੇ ਸਮਾਗਮ ਦੌਰਾਨ ਪੰਜਾਬ ਪੁਲਿਸ ਦੇ ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਵੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਹ ਪਹਿਲਾਂ ਪੰਜਾਬ ਪੁਲਿਸ ਵਿੱਚ ਸੇਵਾ ਨਿਭਾ ਚੁੱਕੇ ਹਨ। ਦੋਵਾਂ ਸਾਬਕਾ ਅਧਿਕਾਰੀਆਂ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਪੰਜਾਬ ਵਿੱਚ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ਨੂੰ ਲੈ ਕੇ ਹੋਈਆਂ ਉਨ੍ਹਾਂ ਦੀਆਂ ਜਨਤਕ ਟਿੱਪਣੀਆਂ ਦੇ ਸੰਦਰਭ ਵਿੱਚ ਸਾਹਮਣੇ ਆਇਆ ਹੈ। ਨਿਰੰਜਨ ਸਿੰਘ ਨੇ ਇਹ ਵੀ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਚੋਣ ਲੜਨ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਆਸੀ ਸਰਗਰਮੀ ਵਿੱਚ ਆਉਣ ਦਾ ਫੈਸਲਾ ਉਨ੍ਹਾਂ ਨੇ ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਲਿਆ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH