ਸੜਕਾਂ ਤੋਂ ਸੁਰੱਖਿਅਤ ਪਰਿਵਾਰ ਤੱਕ ਪਹੁੰਚੀ ਨੰਨ੍ਹੀ ਬੱਚੀ: ਮੰਤਰੀ ਡਾ. ਬਲਜੀਤ ਕੌਰ
ਕਾਨੂੰਨੀ ਗੋਦ ਲੈਣ ਦੀ ਪ੍ਰਕਿਰਿਆ ਰਾਹੀਂ ਮਿਲਿਆ ਨਵਾਂ ਪਰਿਵਾਰ, 2024 ਵਿੱਚ ਪਟਿਆਲਾ ਤੋਂ ਹੋਈ ਸੀ ਬੱਚੀ ਦੀ ਸੁਰੱਖਿਅਤ ਰਿਹਾਈ ਚੰਡੀਗੜ੍ਹ, 23 ਸਤੰਬਰ (ਹਿੰ.ਸ.)| ਪੰਜਾਬ ਸਰਕਾਰ ਦੀ ਬਾਲ ਸੁਰੱਖਿਆ ਪ੍ਰਣਾਲੀ ਤਹਿਤ ਸੜਕਾਂ ’ਤੇ ਅਸੁਰੱਖਿਅਤ ਹਾਲਾਤਾਂ ਵਿੱਚ ਰਹਿ ਰਹੀ ਇੱਕ ਨੰਨ੍ਹੀ ਬੱਚੀ ਨੂੰ ਹੁਣ ਇੱਕ ਸੁਰੱਖ
ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ


ਕਾਨੂੰਨੀ ਗੋਦ ਲੈਣ ਦੀ ਪ੍ਰਕਿਰਿਆ ਰਾਹੀਂ ਮਿਲਿਆ ਨਵਾਂ ਪਰਿਵਾਰ, 2024 ਵਿੱਚ ਪਟਿਆਲਾ ਤੋਂ ਹੋਈ ਸੀ ਬੱਚੀ ਦੀ ਸੁਰੱਖਿਅਤ ਰਿਹਾਈ

ਚੰਡੀਗੜ੍ਹ, 23 ਸਤੰਬਰ (ਹਿੰ.ਸ.)| ਪੰਜਾਬ ਸਰਕਾਰ ਦੀ ਬਾਲ ਸੁਰੱਖਿਆ ਪ੍ਰਣਾਲੀ ਤਹਿਤ ਸੜਕਾਂ ’ਤੇ ਅਸੁਰੱਖਿਅਤ ਹਾਲਾਤਾਂ ਵਿੱਚ ਰਹਿ ਰਹੀ ਇੱਕ ਨੰਨ੍ਹੀ ਬੱਚੀ ਨੂੰ ਹੁਣ ਇੱਕ ਸੁਰੱਖਿਅਤ ਅਤੇ ਪਿਆਰ ਭਰਿਆ ਪਰਿਵਾਰ ਮਿਲ ਗਿਆ ਹੈ। ਕਾਨੂੰਨੀ ਗੋਦ ਲੈਣ ਦੀ ਪੂਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਬੱਚੀ ਨੇ ਆਪਣੀ ਜ਼ਿੰਦਗੀ ਦੇ ਨਵੇਂ ਅਧਿਆਇ ਵਿੱਚ ਕਦਮ ਰੱਖਿਆ ਹੈ।

ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਾਲ 2019 ਵਿੱਚ ਜਨਮੀ ਇਸ ਬੱਚੀ ਨੂੰ 19 ਨਵੰਬਰ 2024 ਨੂੰ ਪਟਿਆਲਾ ਦੇ ਲੀਲਾ ਭਵਨ ਇਲਾਕੇ ਤੋਂ ‘ਜੀਵਨਜੋਤ 2.0’ ਮੁਹਿੰਮ ਤਹਿਤ ਬਚਾਇਆ ਗਿਆ ਸੀ। ਇਹ ਮੁਹਿੰਮ ਸੜਕਾਂ ’ਤੇ ਭੀਖ ਮੰਗਣ ਵਾਲੇ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸੁਰੱਖਿਆ, ਸੰਭਾਲ ਅਤੇ ਪੁਨਰਵਾਸ ਮੁਹੱਈਆ ਕਰਵਾਉਣ ਲਈ ਚਲਾਈ ਜਾ ਰਹੀ ਹੈ।

ਬੱਚੀ ਨੂੰ ਰੈਸਕਿਊ ਕਰਨ ਤੋਂ ਬਾਅਦ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਪਟਿਆਲਾ ਵੱਲੋਂ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਕਮੇਟੀ ਦੇ ਹੁਕਮਾਂ ਅਨੁਸਾਰ ਉਸਨੂੰ ਵਿਸ਼ੇਸ਼ ਗੋਦ ਲੈਣ ਵਾਲੀ ਏਜੰਸੀ ਵਿੱਚ ਦੇਖਭਾਲ ਅਤੇ ਸੁਰੱਖਿਆ ਲਈ ਰੱਖਿਆ ਗਿਆ। ਇੱਥੇ ਬੱਚੀ ਨੂੰ ਸਿੱਖਿਆ, ਸਿਹਤ ਸਹੂਲਤਾਂ, ਕੌਂਸਲਿੰਗ, ਭਾਵਨਾਤਮਕ ਸਹਾਰਾ ਅਤੇ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਗਿਆ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਮਾਜਿਕ ਜਾਂਚ ਅਤੇ ਕੌਂਸਲਿੰਗ ਦੌਰਾਨ ਬੱਚੀ ਦੀ ਦੇਖਭਾਲ ਲਈ ਕੋਈ ਯੋਗ ਜਨਮਜਾਤ ਰਿਸ਼ਤੇਦਾਰ ਉਪਲਬਧ ਨਾ ਹੋਣ ਦੀ ਜਾਣਕਾਰੀ ਸਾਹਮਣੇ ਆਈ। ਇਸ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਪੂਰੀ ਕਰਦਿਆਂ 4 ਜੂਨ 2026 ਨੂੰ ਬਾਲ ਭਲਾਈ ਕਮੇਟੀ ਵੱਲੋਂ ਬੱਚੀ ਨੂੰ ਗੋਦ ਲੈਣ ਲਈ ਕਾਨੂੰਨੀ ਤੌਰ ’ਤੇ ਮੁਕਤ ਘੋਸ਼ਿਤ ਕੀਤਾ ਗਿਆ।

ਨਿਰਧਾਰਤ ਗੋਦ ਲੈਣ ਦੀ ਪ੍ਰਕਿਰਿਆ ਤਹਿਤ ਯੋਗ ਗੋਦ ਲੈਣ ਵਾਲੇ ਮਾਤਾ-ਪਿਤਾ ਨਾਲ ਬੱਚੀ ਦਾ ਮੇਲ ਕਰਵਾਇਆ ਗਿਆ ਅਤੇ 27 ਜੁਲਾਈ 2026 ਨੂੰ ਉਸਨੂੰ ਪੂਰਵ-ਗੋਦ ਫੋਸਟਰ ਦੇਖਭਾਲ ਵਿੱਚ ਰੱਖਿਆ ਗਿਆ। ਸਾਰੀਆਂ ਕਾਨੂੰਨੀ ਕਾਰਵਾਈਆਂ ਮੁਕੰਮਲ ਹੋਣ ਤੋਂ ਬਾਅਦ 22 ਸਤੰਬਰ 2026 ਨੂੰ ਸਮਰੱਥ ਅਥਾਰਟੀ ਵੱਲੋਂ ਗੋਦ ਲੈਣ ਦੀ ਪ੍ਰਕਿਰਿਆ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਗਈ।

ਮੰਤਰੀ ਨੇ ਕਿਹਾ ਕਿ ਬੱਚੇ ਨੂੰ ਬਚਾਉਣਾ ਸਿਰਫ਼ ਪਹਿਲਾ ਕਦਮ ਹੈ, ਅਸਲ ਮਕਸਦ ਉਸਦੇ ਬਚਪਨ ਨੂੰ ਸੁਰੱਖਿਅਤ ਕਰਨਾ ਅਤੇ ਉਸਨੂੰ ਪਰਿਵਾਰਕ ਪਿਆਰ ਤੇ ਬਿਹਤਰ ਭਵਿੱਖ ਦੇ ਮੌਕੇ ਦੇਣਾ ਹੈ। ਉਨ੍ਹਾਂ ਸਟੇਟ ਅਡਾਪਸ਼ਨ ਰਿਸੋਰਸ ਏਜੰਸੀ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਬਾਲ ਭਲਾਈ ਕਮੇਟੀ, ਵਿਸ਼ੇਸ਼ ਗੋਦ ਲੈਣ ਵਾਲੀ ਏਜੰਸੀ ਅਤੇ ਹੋਰ ਸਬੰਧਤ ਸੰਸਥਾਵਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਡਾ. ਬਲਜੀਤ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ਬਾਲ ਸੁਰੱਖਿਆ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ, ਤਾਂ ਜੋ ਕਿਸੇ ਵੀ ਲੋੜਵੰਦ ਬੱਚੇ ਨੂੰ ਸਮੇਂ ਸਿਰ ਸੁਰੱਖਿਆ, ਸੰਭਾਲ ਅਤੇ ਪੁਨਰਵਾਸ ਮਿਲ ਸਕੇ। ਉਨ੍ਹਾਂ ਕਿਹਾ ਕਿ ਕਿਸੇ ਬੱਚੇ ਦਾ ਭਵਿੱਖ ਉਸਦੇ ਹਾਲਾਤਾਂ ਨਾਲ ਤੈਅ ਨਹੀਂ ਹੋਣਾ ਚਾਹੀਦਾ ਅਤੇ ਸਰਕਾਰ ਹਰ ਲੋੜਵੰਦ ਬੱਚੇ ਨੂੰ ਸੁਰੱਖਿਅਤ ਤੇ ਸਨਮਾਨਪੂਰਨ ਜੀਵਨ ਦੇਣ ਲਈ ਯਤਨਸ਼ੀਲ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande