ਪੰਜਾਬ ਦਾ ਟੈਕਸ ਅਦਾ ਕੀਤੇ ਬਿਨਾਂ ਚੱਲ ਰਹੀਆਂ ਟੂਰਿਸਟ ਬੱਸਾਂ ’ਤੇ ਆਰਟੀਓ ਦੀ ਕਾਰਵਾਈ, 13 ਵਾਹਨਾਂ ਦੇ ਕੱਟੇ ਚਲਾਨ
ਮੋਹਾਲੀ, 23 ਸਤੰਬਰ (ਹਿੰ.ਸ.)| ਪੰਜਾਬ ਦਾ ਟੈਕਸ ਅਦਾ ਕੀਤੇ ਬਿਨਾਂ ਸੜਕਾਂ ’ਤੇ ਚੱਲ ਰਹੀਆਂ ਪ੍ਰਾਈਵੇਟ ਟੂਰਿਸਟ ਬੱਸਾਂ ਅਤੇ ਹੋਰ ਵਪਾਰਕ ਵਾਹਨਾਂ ਖ਼ਿਲਾਫ਼ ਮੋਹਾਲੀ ਆਰਟੀਓ ਵਿਭਾਗ ਨੇ ਵਿਸ਼ੇਸ਼ ਜਾਂਚ ਮੁਹਿੰਮ ਸ਼ੁਰੂ ਕੀਤੀ ਹੈ। ਵਿਭਾਗ ਨੂੰ ਲੰਬੇ ਸਮੇਂ ਤੋਂ ਅਜਿਹੇ ਵਾਹਨਾਂ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸ
ਪ੍ਰਾਈਵੇਟ ਟੂਰਿਸਟ ਬੱਸ ਦਾ ਚਲਾਨ ਕੱਟਦੇ ਹੋਏ ਅਧਿਕਾਰੀ।


ਮੋਹਾਲੀ, 23 ਸਤੰਬਰ (ਹਿੰ.ਸ.)| ਪੰਜਾਬ ਦਾ ਟੈਕਸ ਅਦਾ ਕੀਤੇ ਬਿਨਾਂ ਸੜਕਾਂ ’ਤੇ ਚੱਲ ਰਹੀਆਂ ਪ੍ਰਾਈਵੇਟ ਟੂਰਿਸਟ ਬੱਸਾਂ ਅਤੇ ਹੋਰ ਵਪਾਰਕ ਵਾਹਨਾਂ ਖ਼ਿਲਾਫ਼ ਮੋਹਾਲੀ ਆਰਟੀਓ ਵਿਭਾਗ ਨੇ ਵਿਸ਼ੇਸ਼ ਜਾਂਚ ਮੁਹਿੰਮ ਸ਼ੁਰੂ ਕੀਤੀ ਹੈ। ਵਿਭਾਗ ਨੂੰ ਲੰਬੇ ਸਮੇਂ ਤੋਂ ਅਜਿਹੇ ਵਾਹਨਾਂ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਵਿਸ਼ੇਸ਼ ਚੈਕਿੰਗ ਕੀਤੀ ਗਈ। ਜਾਂਚ ਦੌਰਾਨ 13 ਵਾਹਨਾਂ ਦੇ ਚਲਾਨ ਕੀਤੇ ਗਏ, ਜਿਨ੍ਹਾਂ ਦੀ ਕੁੱਲ ਰਕਮ ਕਰੀਬ 7 ਲੱਖ ਰੁਪਏ ਦੱਸੀ ਗਈ ਹੈ।

ਚੈਕਿੰਗ ਦੌਰਾਨ ਸਾਹਮਣੇ ਆਇਆ ਕਿ ਕੁਝ ਟੂਰਿਸਟ ਬੱਸਾਂ ਪੰਜਾਬ ਦਾ ਬਣਦਾ ਟੈਕਸ ਜਮ੍ਹਾਂ ਕਰਵਾਏ ਬਿਨਾਂ ਹੀ ਸੂਬੇ ਵਿੱਚ ਚੱਲ ਰਹੀਆਂ ਸਨ। ਇਸ ਨਾਲ ਜਿੱਥੇ ਆਵਾਜਾਈ ਨਿਯਮਾਂ ਦੀ ਉਲੰਘਣਾ ਹੋ ਰਹੀ ਸੀ, ਉੱਥੇ ਸਰਕਾਰੀ ਖ਼ਜ਼ਾਨੇ ਨੂੰ ਵੀ ਮਾਲੀ ਨੁਕਸਾਨ ਹੋ ਰਿਹਾ ਸੀ। ਕਾਰਵਾਈ ਦੌਰਾਨ 8 ਟੂਰਿਸਟ ਬੱਸਾਂ ਅਤੇ 3 ਟੈਂਪੋ ਟਰੈਵਲਰਾਂ ਦੇ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਦਸਤਾਵੇਜ਼ਾਂ ਅਤੇ ਟੈਕਸ ਨਾਲ ਸਬੰਧਤ ਕਮੀਆਂ ਮਿਲਣ ’ਤੇ 10 ਤੋਂ 12 ਵਾਹਨਾਂ ਨੂੰ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਜ਼ਬਤ ਕਰਵਾਇਆ ਗਿਆ।

ਕਾਰਵਾਈ ਦੌਰਾਨ ਕੁਝ ਵਾਹਨ ਚਾਲਕਾਂ ਨੇ ਮੌਕੇ ’ਤੇ ਹੀ ਚਲਾਨ ਦੀ ਰਕਮ ਅਤੇ ਬਕਾਇਆ ਟੈਕਸ ਜਮ੍ਹਾਂ ਕਰਵਾ ਦਿੱਤਾ। ਲੋੜੀਂਦੀਆਂ ਕਾਨੂੰਨੀ ਅਤੇ ਵਿਭਾਗੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਇਨ੍ਹਾਂ ਵਾਹਨਾਂ ਨੂੰ ਛੱਡ ਦਿੱਤਾ ਗਿਆ। ਜਿਨ੍ਹਾਂ ਮਾਮਲਿਆਂ ਦਾ ਮੌਕੇ ’ਤੇ ਨਿਪਟਾਰਾ ਨਹੀਂ ਹੋ ਸਕਿਆ, ਉਨ੍ਹਾਂ ਵਾਹਨਾਂ ਨੂੰ ਪੁਲਿਸ ਥਾਣਿਆਂ ਵਿੱਚ ਖੜ੍ਹਾ ਕਰਵਾਇਆ ਗਿਆ।

ਸਹਾਇਕ ਆਰਟੀਓ ਗਗਨਦੀਪ ਨੇ ਦੱਸਿਆ ਕਿ ਜਾਂਚ ਦੌਰਾਨ ਫੜੀਆਂ ਗਈਆਂ ਕੁਝ ਬੱਸਾਂ ਨੂੰ ਲਾਲੜੂ ਅਤੇ ਕੁਝ ਨੂੰ ਲੇਹਲੀ ਪੁਲਿਸ ਥਾਣੇ ਵਿੱਚ ਜ਼ਬਤ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੱਸਾਂ ਅਤੇ ਹੋਰ ਵਪਾਰਕ ਵਾਹਨਾਂ ਦੀ ਜਾਂਚ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਲੋੜ ਅਨੁਸਾਰ ਦਿਨ ਦੇ ਨਾਲ ਰਾਤ ਸਮੇਂ ਵੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇਗੀ। ਜੇਕਰ ਕਿਸੇ ਵਾਹਨ ਦਾ ਟੈਕਸ ਬਕਾਇਆ ਪਾਇਆ ਗਿਆ ਜਾਂ ਆਵਾਜਾਈ ਨਿਯਮਾਂ ਦੀ ਉਲੰਘਣਾ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande