
ਚੰਡੀਗੜ੍ਹ, 24 ਸਤੰਬਰ (ਹਿੰ.ਸ.)| ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਐੱਚਐੱਸ ਭੁੱਲਰ ਨਾਲ ਸਬੰਧਤ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਵੀਰਵਾਰ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਸ਼ਿਕਾਇਤਕਰਤਾ ਆਕਾਸ਼ ਬੱਟਾ ਦੀ ਮੁੱਖ ਗਵਾਹੀ ਹੋਈ। ਪਿਛਲੀ ਸੁਣਵਾਈ ਦੌਰਾਨ ਵਿਸ਼ੇਸ਼ ਸੀਬੀਆਈ ਜੱਜ ਭਾਵਨਾ ਜੈਨ ਨੇ ਅਭਿਯੋਗ ਪੱਖ ਦੀ ਅਰਜ਼ੀ ਮਨਜ਼ੂਰ ਕਰਦਿਆਂ ਬੱਤਾ ਨੂੰ ਅਗਲਾ ਗਵਾਹ ਵਜੋਂ ਤਲਬ ਕੀਤਾ ਸੀ।
ਸੁਣਵਾਈ ਦੌਰਾਨ ਆਕਾਸ਼ ਬੱਤਾ ਨੇ ਕ੍ਰਿਸ਼ਨਾਨੁ ਸ਼ਾਰਦਾ ਦੀ ਅਦਾਲਤ ਵਿੱਚ ਪਛਾਣ ਕੀਤੀ। ਸ਼ਾਰਦਾ ਇਸ ਸਮੇਂ ਈਡੀ ਰਿਮਾਂਡ ’ਤੇ ਹੋਣ ਕਾਰਨ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ। ਸ਼ਿਕਾਇਤਕਰਤਾ ਨੇ ਅਦਾਲਤ ਵਿੱਚ ਮੌਜੂਦ ਐੱਚਐੱਸ ਭੁੱਲਰ ਦੀ ਵੀ ਪਛਾਣ ਕੀਤੀ।
ਸੀਬੀਆਈ ਨੇ ਇਹ ਮਾਮਲਾ ਆਕਾਸ਼ ਬੱਟਾ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਸੀ। ਦੋਸ਼ ਹੈ ਕਿ ਉਸ ਸਮੇਂ ਰੋਪੜ ਰੇਂਜ ਦੇ ਡੀਆਈਜੀ ਵਜੋਂ ਤਾਇਨਾਤ ਭੁੱਲਰ ਨੇ ਕਥਿਤ ਤੌਰ ’ਤੇ ਨਿੱਜੀ ਵਿਚੋਲੇ ਕ੍ਰਿਸ਼ਨਾਨੁ ਸ਼ਾਰਦਾ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਸੀ।
ਸ਼ਿਕਾਇਤ ਮੁਤਾਬਕ, ਇਹ ਰਕਮ ਸਿਰਹਿੰਦ ਥਾਣੇ ਵਿੱਚ ਦਰਜ ਇੱਕ ਐੱਫਆਈਆਰ ਵਿੱਚ ਸ਼ਿਕਾਇਤਕਰਤਾ ਦੇ ਹੱਕ ਵਿੱਚ ਰਾਹਤ ਦਿਵਾਉਣ ਅਤੇ ਉਸਦੇ ਕਾਰੋਬਾਰ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕਰਨ ਦੇ ਬਦਲੇ ਮੰਗੀ ਗਈ ਸੀ।
ਸੀਬੀਆਈ ਦੇ ਅਨੁਸਾਰ ਸ਼ਿਕਾਇਤ ਮਿਲਣ ਤੋਂ ਬਾਅਦ ਟਰੈਪ ਲਗਾਇਆ ਗਿਆ। ਏਜੰਸੀ ਦਾ ਦਾਅਵਾ ਹੈ ਕਿ 16 ਅਕਤੂਬਰ 2025 ਨੂੰ ਕ੍ਰਿਸ਼ਨਾਨੁ ਸ਼ਾਰਦਾ ਨੂੰ ਸ਼ਿਕਾਇਤਕਰਤਾ ਤੋਂ ਕਥਿਤ ਤੌਰ ’ਤੇ 5 ਲੱਖ ਰੁਪਏ ਲੈਂਦਿਆਂ ਕਾਬੂ ਕੀਤਾ ਗਿਆ। ਇਸੇ ਦਿਨ ਐੱਚਐੱਸ ਭੁੱਲਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿੱਚ ਮਾਮਲੇ ਵਿੱਚ ਬੀਐਨਐਸਐਸ ਦੀ ਧਾਰਾ 193 ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਗਈ।
ਮੁੱਖ ਗਵਾਹੀ ਦੌਰਾਨ ਆਕਾਸ਼ ਬੱਟਾ ਨੇ ਦੱਸਿਆ ਕਿ ਉਹ ਸਾਲ 2013 ਤੋਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਵਿੱਚ ਸਕ੍ਰੈਪ ਦਾ ਕਾਰੋਬਾਰ ਕਰ ਰਿਹਾ ਹੈ। ਬੱਟਾ ਮੁਤਾਬਕ ਉਸ ਖ਼ਿਲਾਫ਼ ਸਿਰਹਿੰਦ ਥਾਣੇ ਵਿੱਚ ਕਥਿਤ ਜਾਅਲੀ ਬਿੱਲਾਂ ਅਤੇ ਦਸਤਾਵੇਜ਼ਾਂ ਨਾਲ ਸਬੰਧਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸਨੂੰ ਉਹ ਗਲਤ ਦੱਸਦਾ ਹੈ। ਉਸਨੇ ਕਿਹਾ ਕਿ ਕ੍ਰਿਸ਼ਨਾਨੁ ਸ਼ਾਰਦਾ ਪਹਿਲਾਂ ਤੋਂ ਉਸਦੀ ਜਾਣ-ਪਛਾਣ ਵਿੱਚ ਸੀ ਅਤੇ ਉਹ ਕਈ ਅਧਿਕਾਰੀਆਂ ਨਾਲ ਸੰਪਰਕ ਹੋਣ ਦਾ ਦਾਅਵਾ ਕਰਦਾ ਸੀ।
ਬੱਟਾ ਨੇ ਅਦਾਲਤ ਨੂੰ ਦੱਸਿਆ ਕਿ ਸ਼ਾਰਦਾ ਨੂੰ ਪਤਾ ਸੀ ਕਿ ਐੱਫਆਈਆਰ ਦਰਜ ਹੋਣ ਕਾਰਨ ਉਹ ਤਣਾਅ ਵਿੱਚ ਸੀ। ਮਾਮਲੇ ਵਿੱਚ ਸ਼ਿਕਾਇਤਕਰਤਾ ਦੀ ਗਵਾਹੀ ਅਗਲੀ ਸੁਣਵਾਈ ਦੌਰਾਨ ਵੀ ਜਾਰੀ ਰਹੇਗੀ। ਐੱਚਐੱਸ ਭੁੱਲਰ ਅਤੇ ਕ੍ਰਿਸ਼ਨਾਨੁ ਸ਼ਾਰਦਾ ਖ਼ਿਲਾਫ਼ ਲੱਗੇ ਦੋਸ਼ ਹਾਲੇ ਨਿਆਂਇਕ ਵਿਚਾਰ ਅਧੀਨ ਹਨ। ਮਾਮਲੇ ਵਿੱਚ ਦੋਸ਼ ਸਾਬਤ ਹੋਣ ਜਾਂ ਨਾ ਹੋਣ ਬਾਰੇ ਅੰਤਿਮ ਫ਼ੈਸਲਾ ਅਦਾਲਤ ਵੱਲੋਂ ਸਬੂਤਾਂ ਅਤੇ ਸੁਣਵਾਈ ਦੇ ਆਧਾਰ ’ਤੇ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH