
ਬਰਨਾਲਾ, 25 ਸਤੰਬਰ (ਹਿੰ.ਸ.)| ਧਨੌਲਾ ਖੇਤਰ ਦੇ ਪਿੰਡ ਕੁੱਬੇ ਨੇੜੇ ਹਰੀਗੜ੍ਹ ਨਹਿਰ ਦੇ ਪੁਲ ਕੋਲੋਂ ਇੱਕ ਅਣਪਛਾਤੀ ਮਹਿਲਾ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਸਹਾਰਾ ਸਮਾਜ ਸੇਵਾ ਸੰਸਥਾ ਨੂੰ ਸੂਚਨਾ ਮਿਲੀ ਸੀ ਕਿ ਨਹਿਰ ਵਿੱਚ ਪੁਲ ਨੇੜੇ ਇੱਕ ਮਹਿਲਾ ਦੀ ਲਾਸ਼ ਫਸੀ ਹੋਈ ਹੈ। ਸੰਸਥਾ ਵੱਲੋਂ ਤੁਰੰਤ ਬਰਨਾਲਾ ਪੁਲਿਸ ਕੰਟਰੋਲ ਰੂਮ ਅਤੇ ਥਾਣਾ ਧਨੌਲਾ ਨੂੰ ਸੂਚਿਤ ਕੀਤਾ ਗਿਆ।
ਸੂਚਨਾ ਮਿਲਣ ’ਤੇ ਸਹਾਰਾ ਸੰਸਥਾ ਦੇ ਉਪ ਪ੍ਰਧਾਨ ਸੁਖਦੇਵ ਸਿੰਘ, ਜਨਰਲ ਸਕੱਤਰ ਕੇਵਲ ਸਿੰਘ, ਵਿਸ਼ੇਸ਼ ਸਲਾਹਕਾਰ ਪ੍ਰਦੀਪ ਕੁਮਾਰ ਅਤੇ ਮੈਂਬਰ ਜਗਸੀਰ ਸਿੰਘ ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਦੀ ਮੌਜੂਦਗੀ ਵਿੱਚ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਮਹਿਲਾ ਕੋਲੋਂ ਕੋਈ ਪਛਾਣ ਪੱਤਰ ਜਾਂ ਹੋਰ ਦਸਤਾਵੇਜ਼ ਬਰਾਮਦ ਨਹੀਂ ਹੋਇਆ। ਮੁੱਢਲੀ ਜਾਣਕਾਰੀ ਅਨੁਸਾਰ ਲਾਸ਼ ਕਰੀਬ ਇੱਕ ਦਿਨ ਪੁਰਾਣੀ ਦੱਸੀ ਜਾ ਰਹੀ ਹੈ।
ਪੁਲਿਸ ਅਤੇ ਸੰਸਥਾ ਅਨੁਸਾਰ ਮ੍ਰਿਤਕਾ ਦੀ ਉਮਰ ਕਰੀਬ 30 ਤੋਂ 35 ਸਾਲ ਹੈ। ਉਸ ਨੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦਾ ਲੋਅਰ ਪਾਇਆ ਹੋਇਆ ਸੀ। ਉਸ ਦੀ ਖੱਬੀ ਬਾਂਹ ’ਤੇ ਕੰਗਣ ਬੰਨ੍ਹਿਆ ਹੋਇਆ ਸੀ, ਜਦਕਿ ਸੱਜੀ ਕਲਾਈ ’ਤੇ ਸੱਟ ਦਾ ਡੂੰਘਾ ਨਿਸ਼ਾਨ ਮਿਲਿਆ ਹੈ। ਸੱਜੇ ਹੱਥ ਦੀ ਉਂਗਲ ਵਿੱਚ ਛੱਲਾ ਅਤੇ ਗਲੇ ਵਿੱਚ ਚਾਂਦੀ ਦੀ ਚੇਨ ਮਿਲੀ ਹੈ, ਜਿਸ ਵਿੱਚ ਕਾਲੀ ਮਾਤਾ ਦਾ ਲਾਕੇਟ ਲੱਗਿਆ ਹੋਇਆ ਹੈ।
ਪੁਲਿਸ ਵੱਲੋਂ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ਵਿੱਚ 72 ਘੰਟਿਆਂ ਲਈ ਰਖਵਾਇਆ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਮਹਿਲਾ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਥਾਣਾ ਧਨੌਲਾ, ਪੁਲਿਸ ਕੰਟਰੋਲ ਰੂਮ ਬਰਨਾਲਾ ਜਾਂ ਸਹਾਰਾ ਸਮਾਜ ਸੇਵਾ ਸੰਸਥਾ ਨਾਲ ਸੰਪਰਕ
ਕਰਨ।
ਹਿੰਦੂਸਥਾਨ ਸਮਾਚਾਰ / GURSHARAN SINGH