
ਬੀਐੱਸਐੱਫ ਤੇ ਏਐੱਨਟੀਐੱਫ ਫਿਰੋਜ਼ਪੁਰ ਰੇਂਜ ਦੀ ਸਾਂਝੀ ਕਾਰਵਾਈ, ਰਬੜ ਦੀ ਟਿਊਬ ਵਿੱਚ ਲੁਕਾ ਕੇ ਰੱਖੀ ਸੀ ਨਸ਼ੇ ਦੀ ਖੇਪਫਿਰੋਜ਼ਪੁਰ, 26 ਸਤੰਬਰ (ਹਿੰ.ਸ.)| ਬੀਐੱਸਐੱਫ ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਫਿਰੋਜ਼ਪੁਰ ਰੇਂਜ ਵੱਲੋਂ ਸ਼ਨੀਵਾਰ ਨੂੰ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਨਸ਼ੇ ਦੀ ਤਸਕਰੀ ਖ਼ਿਲਾਫ਼ ਸਾਂਝੀ ਕਾਰਵਾਈ ਕੀਤੀ ਗਈ। ਇਸ ਦੌਰਾਨ 19 ਕਿਲੋ 820 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਪੁਲਿਸ ਨੇ ਦੋ ਕਥਿਤ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਲੰਗੇਆਣਾ ਵਾਸੀ ਬਲਜਿੰਦਰ ਸਿੰਘ ਉਰਫ਼ ਰੌਕੀ ਅਤੇ ਮਨਜੀਤ ਸਿੰਘ ਉਰਫ਼ ਗਗਨਦੀਪ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬੀਐੱਸਐੱਫ ਵੱਲੋਂ ਮਿਲੇ ਖੁਫ਼ੀਆ ਇਨਪੁਟ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ। ਬਰਾਮਦ ਕੀਤੀ ਗਈ ਹੈਰੋਇਨ ਨੂੰ ਕਰੀਬ ਚਾਰ ਫੁੱਟ ਲੰਬੀ ਰਬੜ ਦੀ ਟਿਊਬ ਵਿੱਚ 20 ਪੈਕੇਟਾਂ ਦੇ ਰੂਪ ਵਿੱਚ ਲੁਕਾ ਕੇ ਰੱਖਿਆ ਗਿਆ ਸੀ।ਏਐੱਨਟੀਐੱਫ ਅਨੁਸਾਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਦੇ ਸੰਪਰਕ ਵਿੱਚ ਸਨ। ਉਹ ਸਰਹੱਦ ਪਾਰੋਂ ਆਉਣ ਵਾਲੀ ਨਸ਼ੇ ਦੀ ਖੇਪ ਨੂੰ ਅੱਗੇ ਪਹੁੰਚਾਉਣ ਦਾ ਕੰਮ ਕਰਦੇ ਸਨ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 30 ਰੁਪਏ ਨਕਦ ਅਤੇ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਸਕਰੀ ਦੇ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH