
ਤਰਨ ਤਾਰਨ, 26 ਸਤੰਬਰ (ਹਿੰ.ਸ.)। ਮੁੱਖ ਖੇਤੀਬਾੜੀ ਅਫ਼ਸਰ ਡਾ. ਤੇਜਬੀਰ ਸਿੰਘ ਭੰਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨੀ ਹਿੱਤਾਂ ਵਿੱਚ ਕੀਤੇ ਜਾ ਰਹੇ ਪ੍ਗਤੀਸ਼ੀਲ ਕਾਰਜਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਤਰਨ ਤਾਰਨ ਵਲੋਂ ਆਤਮਾ ਸਕੀਮ ਤਹਿਤ ਹਾੜੀ ਦੀਆਂ ਫ਼ਸਲਾਂ ਅਤੇ ਸਹਾਇਕ ਕਿੱਤਿਆਂ ਬਾਰੇ ਨਵੀਨਤਮ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦਾ ਵਿਸ਼ੇਸ਼ ਆਯੋਜਨ ਮਿਤੀ 29 ਸਤੰਬਰ 2026 (ਦਿਨ ਮੰਗਲਵਾਰ) ਨੂੰ ਭੱਠਲ ਫ਼ਾਰਮ, ਨੌਸ਼ਹਿਰਾ ਪੰਨੂਆਂ (ਤਰਨ ਤਾਰਨ) ਵਿਖੇ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਡਾਇਰੈਕਟੋਰੇਟ ਖੇਤੀਬਾੜੀ ਤੋਂ ਅਧਿਕਾਰੀ ਅਤੇ ਜ਼ਿਲ੍ਹਾ ਤਰਨ ਤਾਰਨ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਸ਼ਿਰਕਤ ਕਰਨਗੀਆਂ।
ਉਨ੍ਹਾਂ ਦੱਸਿਆ ਕਿ ਮੇਲੇ ਦਾ ਉਦਘਾਟਨ ਅਤੇ ਪ੍ਰਧਾਨਗੀ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਰਾਹੁਲ ਕਰਨਗੇ। ਇਸ ਕੈਂਪ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਲੱਗਭਗ 2500 ਕਿਸਾਨ ਹਿੱਸਾ ਲੈਣਗੇ। ਇਸ ਮੇਲੇ ਵਿੱਚ ਮਾਹਿਰਾਂ ਵਲੋਂ ਖੇਤੀਬਾੜੀ, ਸਹਾਇਕ ਕਿੱਤਿਆਂ ਅਤੇ ਵਿਸ਼ੇਸ਼ ਤੌਰ 'ਤੇ ਪਰਾਲੀ ਪ੍ਰਬੰਧਨ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਮੇਲੇ ਵਿੱਚ ਖਾਦ, ਦਵਾਈਆਂ, ਸੁਧਰੇ ਬੀਜਾਂ, ਪਰਾਲੀ ਪ੍ਬੰਧਨ ਮਸ਼ੀਨਰੀ, ਸੈਲਫ਼ ਹੈਲਪ ਗਰੁੱਪਾਂ, ਵੱਖ-ਵੱਖ ਵਿਭਾਗਾਂ ਦੇ ਅਤੇ ਪ੍ਰਾਈਵੇਟ ਸਟਾਲ ਲਗਾਏ ਜਾਣਗੇ। ਪਰਾਲੀ ਪ੍ਰਬੰਧਨ ਇਸ ਮੇਲੇ ਦਾ ਮੁੱਖ ਉਦੇਸ਼ ਹੋਵੇਗਾ। ਮੁੱਖ ਖੇਤੀਬਾੜੀ ਅਫ਼ਸਰ ਡਾ. ਤੇਜਬੀਰ ਸਿੰਘ ਭੰਗੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਇਸ ਮੇਲੇ ਵਿੱਚ ਸ਼ਿਰਕਤ ਕਰਨ ਅਤੇ ਸੁਚੱਜੀ ਜਾਣਕਾਰੀ ਅਤੇ ਸਹੂਲਤਾਂ ਪਾ੍ਪਤ ਕਰਨ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ