
ਤੇਜ਼ ਪਾਣੀ ਦੇ ਵਹਾਅ ’ਚ ਫਸੀ ਫੌਜ ਦੀ ਕਿਸ਼ਤੀ ਪਲਟੀ, 3 ਜਵਾਨ ਤੈਰ ਕੇ ਬਚੇ; ਸਰਚ ਆਪ੍ਰੇਸ਼ਨ ਦੌਰਾਨ ਦੋਵੇਂ ਲਾਪਤਾ ਜਵਾਨਾਂ ਦੀਆਂ ਲਾਸ਼ਾਂ ਬਰਾਮਦ
ਪੰਚਕੂਲਾ, 03 ਸਤੰਬਰ (ਹਿੰ.ਸ.)| ਯਮੁਨਾਨਗਰ ਦੇ ਹਥਨੀਕੁੰਡ ਬੈਰਾਜ ਵਿੱਚ ਆਰਮੀ ਦੇ ਵਾਟਰਮੈਨਸ਼ਿਪ ਟ੍ਰੇਨਿੰਗ ਅਭਿਆਸ ਦੌਰਾਨ ਵਾਪਰੇ ਦਰਦਨਾਕ ਹਾਦਸੇ ਵਿੱਚ ਦੋ ਪੈਰਾ ਕਮਾਂਡੋ ਜਵਾਨਾਂ ਦੀ ਮੌਤ ਹੋ ਗਈ। ਟ੍ਰੇਨਿੰਗ ਦੌਰਾਨ ਫੌਜ ਦੀ ਮੋਟਰਬੋਟ ਤੇਜ਼ ਪਾਣੀ ਦੇ ਵਹਾਅ ਦੀ ਲਪੇਟ ਵਿੱਚ ਆ ਕੇ ਪਲਟ ਗਈ, ਜਿਸ ਕਾਰਨ ਪੰਜ ਜਵਾਨ ਪਾਣੀ ਵਿੱਚ ਡਿੱਗ ਗਏ।
ਮਿਲੀ ਜਾਣਕਾਰੀ ਮੁਤਾਬਕ 1 ਪੈਰਾ ਸਪੈਸ਼ਲ ਫੋਰਸ ਦੇ ਜਵਾਨ ਹਥਨੀਕੁੰਡ ਬੈਰਾਜ ਖੇਤਰ ਵਿੱਚ ਸਾਂਝਾ ਵਾਟਰਮੈਨਸ਼ਿਪ ਟ੍ਰੇਨਿੰਗ ਅਭਿਆਸ ਕਰ ਰਹੇ ਸਨ। ਇਸ ਦੌਰਾਨ ਫੌਜ ਦੀ ਮੋਟਰਬੋਟ ਵਿੱਚ ਤਕਨੀਕੀ ਖ਼ਰਾਬੀ ਆ ਗਈ ਅਤੇ ਕਿਸ਼ਤੀ ਬੈਰਾਜ ਦੇ ਹੇਠਲੇ ਪਾਸੇ ਤੇਜ਼ ਧਾਰਾ ਵਿੱਚ ਫਸ ਕੇ ਪਲਟ ਗਈ।
ਹਾਦਸੇ ਤੋਂ ਬਾਅਦ ਤਿੰਨ ਜਵਾਨ ਤੈਰ ਕੇ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ, ਜਦਕਿ ਦੋ ਜਵਾਨ ਤੇਜ਼ ਪਾਣੀ ਦੇ ਵਹਾਅ ਵਿੱਚ ਲਾਪਤਾ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਲਾਪਤਾ ਜਵਾਨਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਸਰਚ ਅਤੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ।
ਭਾਲ ਮੁਹਿੰਮ ਵਿੱਚ ਭਾਰਤੀ ਫੌਜ, ਏਅਰ ਫੋਰਸ, ਐਨਡੀਆਰਐਫ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਐਸਡੀਆਰਐਫ, ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਸ਼ਾਮਲ ਰਹੀਆਂ। ਹਵਾਈ ਫੌਜ ਦੇ ਹੈਲੀਕਾਪਟਰਾਂ ਦੀ ਵੀ ਸਰਚ ਆਪ੍ਰੇਸ਼ਨ ਵਿੱਚ ਮਦਦ ਲਈ ਵਰਤੋਂ ਕੀਤੀ ਗਈ।
ਵੀਰਵਾਰ ਨੂੰ ਲਗਾਤਾਰ ਚੱਲੇ ਸਰਚ ਆਪ੍ਰੇਸ਼ਨ ਦੌਰਾਨ ਦੋਵੇਂ ਲਾਪਤਾ ਜਵਾਨ ਆਰਿਅਨ ਪਾਟਿਲ ਵਾਸੀ ਮਹਾਰਾਸ਼ਟਰ ਅਤੇ ਅਜੇ ਵਾਸੀ ਅਖਨੂਰ, ਜੰਮੂ-ਕਸ਼ਮੀਰ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ। ਇਸ ਤੋਂ ਬਾਅਦ ਲਾਸ਼ਾਂ ਨੂੰ ਪੰਚਕੂਲਾ ਦੇ ਸੈਕਟਰ-6 ਸਥਿਤ ਹਸਪਤਾਲ ਲਿਆਂਦਾ ਗਿਆ, ਜਿੱਥੇ ਪੋਸਟਮਾਰਟਮ ਦੀ ਕਾਰਵਾਈ ਕੀਤੀ ਗਈ। ਹਸਪਤਾਲ ਵਿੱਚ ਫੌਜ ਦੇ ਅਧਿਕਾਰੀ ਅਤੇ ਮਿਲਟਰੀ ਪੁਲਿਸ ਦੇ ਜਵਾਨ ਵੀ ਮੌਜੂਦ ਰਹੇ।
ਹਿੰਦੂਸਥਾਨ ਸਮਾਚਾਰ / GURSHARAN SINGH