ਜਗਰਾਓ, 1 ਅਕਤੂਬਰ (ਹਿੰ. ਸ.)। ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਦੇ ਗ੍ਰਹਿ 'ਸਿਟੀ ਇੰਨਕਲੇਵ-1' ਜਗਰਾਉਂ ਵਿਖੇ ਵਾਹਿਗੁਰੂ ਜੀ ਦੀਆਂ ਅਪਾਰ ਬਖਸ਼ਿਸ਼ਾਂ ਅਤੇ ਰਹਿਮਤਾਂ ਦਾ ਸ਼ੁਕਰਾਨਾਂ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ 'ਸ੍ਰੀ ਅਖੰਡ ਪਾਠ' ਸਾਹਿਬ ਪ੍ਰਕਾਸ਼ ਕਰਵਾਏ ਗਏ ਸਨ, ਜਿੰਨਾਂ ਦੇ ਅੱਜ ਭੋਗ ਪਾਏ ਗਏ ਅਤੇ ਇਸ ਮੌਕੇ ਭਾਈ ਮਨਜਿੰਦਰ ਸਿੰਘ ਖਾਲਸਾ ਹਠੂਰ ਵਾਲਿਆਂ ਦੇ ਰਾਗੀ ਜੱਥੇ ਵੱਲੋਂ ਵਾਹਿਗੁਰੂ ਦੀ ਰਸਭਿੰਨੀ ਬਾਣੀ ਦਾ ਪੁਰਾਤਨ ਰਾਗਾਂ ਵਿੱਚ ਮਨਮੋਹਿਕ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਰਸ ਨਾਲ ਜੋੜਿਆ। ਸ੍ਰੀ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਰਣਜੀਤ ਸਿੰਘ ਖਾਲਸਾ ਵੱਲੋਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਦੇ ਪਰਿਵਾਰ ਉੱਪਰ ਕੀਤੀਆਂ ਰਹਿਮਤਾਂ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਗੁਰੂ ਸਾਹਿਬਾਂ ਵੱਲੋਂ ਬਖਸ਼ੇ 'ਹੁਕਮਨਾਵੇਂ' ਦੀ ਵਿਆਖਿਆ ਕਰਦਿਆਂ ਸੰਗਤਾਂ ਨੂੰ ਗੁਰੂ ਲੜ ਲੱਗਣ ਲਈ ਪ੍ਰੇਰਿਤ ਕੀਤਾ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਅਤੇ ਸਿਆਸੀ ਤੇ ਗੈਰ ਸਿਆਸੀ ਆਗੂਆਂ ਵੱਲੋਂ ਹਾਜ਼ਰੀ ਲਵਾਈ ਅਤੇ ਵਿਸ਼ੇਸ਼ ਤੌਰਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਵਿਸ਼ੇਸ਼ ਤੌਰਤੇ ਸਮਾਗਮ ਵਿੱਚ ਲੰਮਾਂ ਸਮਾਂ ਹਾਜ਼ਰ ਰਹੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ