ਲੁਧਿਆਣਾ, 1 ਅਕਤੂਬਰ (ਹਿੰ. ਸ.)। ਡੇਅਰੀ ਵਿਕਾਸ ਵਿਭਾਗ ਵਲੋਂ 2 ਹਫਤੇ ਦੀ ਡੇਅਰੀ ਸਿਖਲਾਈ ਦੇ ਪਹਿਲੇ ਬੈਚ ਦੇ ਸਮਾਪਤ ਹੋਣ 'ਤੇ ਸਿਖਿਆਰਥੀਆਂ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਬੀਜਾ ਵਿਖੇ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ। ਸੀਨੀਅਰ ਕਾਰਜਕਾਰੀ ਅਫਸਰ-ਕਮ-ਇੰਨਚਾਰਜ ਡੇਅਰੀ ਸਿਖਲਾਈ ਕੇਂਦਰ, ਬੀਜਾ ਦਲਬੀਰ ਕੁਮਾਰ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵਲੋਂ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਲਈ ਰੋਜ਼ੀ-ਰੋਟੀ ਵਜੋਂ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਯੋਜਨਾ ਤਹਿਤ ਸਿਖਲਾਈ ਲੈਣ ਉਪਰੰਤ ਸਰਟੀਫਿਕੇਟਾਂ ਨਾਲ ਨਿਵਾਜਿਆ ਗਿਆ।ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਦੌਰਾਨ ਸਿਖਲਾਈ ਕਰਨ ਵਾਲੇ ਅਨੁਸੂਚਿਤ ਜਾਤੀ ਸਿਖਿਆਰਥੀਆਂ ਨੂੰ ਮੁਫਤ ਡੇਅਰੀ ਸਿਖਲਾਈ ਕਰਵਾਈ ਗਈ ਅਤੇ ਟ੍ਰੇਨਿੰਗ ਦੌਰਾਨ ਰਿਫਰੈਸ਼ਮੈਂਟ ਅਤੇ ਸਿਖਲਾਈ ਸਮਾਪਤ ਹੋਣ 'ਤੇ 3500 ਰੁਪਏ ਵਜੀਫਾ ਵੀ ਦਿੱਤਾ ਗਿਆ। ਉਨ੍ਹਾਂ ਇਸ ਮੌਕੇ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਵੱਧ ਤੋਂ ਵੱਧ ਵਿਭਾਗੀ ਸਕੀਮਾਂ ਦਾ ਲਾਹਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਵਿਚ ਜਿਲ੍ਹਾ ਲੁਧਿਆਣਾ, ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਮਲੇਰਕੋਟਲਾ ਦੇ ਸਿਖਿਆਰਥੀਆਂ ਨੂੰ ਟ੍ਰੇਨਿੰਗ ਕਰਵਾਈ ਗਈ। ਇੰਨਚਾਰਜ ਡੇਅਰੀ ਸਿਖਲਾਈ ਕੇਂਦਰ, ਦਲਬੀਰ ਕੁਮਾਰ ਵੱਲੋਂ ਚਾਹਵਾਨ ਸਿਖਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਦੇ ਦਫਤਰ ਫਾਰਮ ਭਰਕੇ ਟ੍ਰੇਨਿੰਗ ਵਿਚ ਭਾਗ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ 01628-264566 ਜਾਂ 81461-00543 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ