ਨਵਾਂਸ਼ਹਿਰ, 1 ਅਕਤੂਬਰ (ਹਿੰ. ਸ.)। ਤਿਓਹਾਰਾਂ ਦੇ ਮੱਦੇਨਜ਼ਰ ਜ਼ਿਲਾ ਮੈਜਿਸਟ੍ਰੇਟ ਅੰਕੁਰਜੀਤ ਸਿੰਘ ਨੇ ਜ਼ਿਲੇ ਵਿਚ ਪਟਾਖੇ ਚਲਾਉਣ ਲਈ ਸਮਾਂ ਨਿਰਧਾਰਤ ਕਰਦਿਆਂ ਕਿਹਾ ਕਿ ਤੈਅ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿਚ ਪਟਾਖੇ ਚਲਾਉਣ ‘ਤੇ ਪਾਬੰਦੀ ਰਹੇਗੀ।
ਜ਼ਿਲਾ ਮੈਜਿਸਟ੍ਰੇਟ ਨੇ ਇਸ ਸੰਬੰਧੀ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲੇ ਦੀ ਹਦੂਦ ਅੰਦਰ ਦੁਸਹਿਰਾ, ਦੀਵਾਲੀ ਕ੍ਰਿਸਮਿਸ ਅਤੇ ਨਵੇਂ ਸਾਲ ਤੋਂ ਇਲਾਵਾ ਗੁਰਪੁਰਬ ਮੌਕੇ ਵੀ ਪਟਾਖੇ ਚਲਾਉਣ ਲਈ ਸਮਾਂ ਤੈਅ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੁਸਹਿਰਾ ਵਾਲੇ ਦਿਨ ਸ਼ਾਮ 06:00 ਵਜੇ ਤੋਂ 07:00 ਵਜੇ ਤੱਕ ਦੁਸਹਿਰਾ ਗਰਾਊਂਡ ਅਤੇ ਦੁਸਹਿਰਾ ਮਨਾਉਣ ਵਾਲੀਆਂ ਥਾਵਾਂ ‘ਤੇ ਪਟਾਖੇ ਚਲਾਏ ਜਾ ਸਕਣਗੇ। ਇਸੇ ਤਰ੍ਹਾਂ ਦਿਵਾਲੀ ਮੌਕੇ ਸ਼ਾਮ 08:00 ਵਜੇ ਤੋਂ ਰਾਤ 10:00 ਵਜੇ ਤੱਕ ਹੀ ਪਟਾਖੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕ੍ਰਿਸਮਿਸ ਅਤੇ ਨਵੇਂ ਸਾਲ ਦੀ ਦਰਮਿਆਨੀ ਰਾਤ ਨੂੰ ਰਾਤ ਦੇ 11:55 ਵਜੇ ਤੋਂ 12:30 ਵਜੇ ਤੱਕ ਪਟਾਖੇ ਚਲਾਏ ਜਾ ਸਕਣਗੇ।
ਜਾਰੀ ਹੁਕਮਾਂ ਅਨੁਸਾਰ ਗੁਰਪੁਰਬ ਮੌਕੇ ਸਵੇਰੇ ਇੱਕ ਘੰਟੇ ਲਈ 04:00 05:00 ਵਜੇ ਤੱਕ ਅਤੇ ਰਾਤ ਨੂੰ 09:00 ਵਜੇ ਤੋਂ 10:00 ਵਜੇ ਤੱਕ ਪਟਾਖੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਉਕਤ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿਚ ਪਟਾਖੇ ਚਲਾਉਣ ‘ਤੇ ਪੂਰਨ ਪਾਬੰਦੀ ਰਹੇਗੀ। ਇਸੇ ਤਰ੍ਹਾਂ ਦੁਸਹਿਰਾ ਕਮੇਟੀਆਂ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਪਾਸੋਂ ਪ੍ਰਵਾਨਗੀ ਲੈਣ ਉੋਪਰੰਤ ਹੀ ਦੁਸਹਿਰਾ ਆਰਗੇਨਾਈਜ ਕੀਤਾ ਜਾਵੇਗਾ। ਦੁਸਹਿਰਾ ਗਰਾਊਂਡ/ਸਥਾਨ ਵਿਖੇ ਪਟਾਖੇ ਚਲਾਉਣ ਵਾਲੀ ਥਾਂ 30 ਮੀਟਰ ਦੇ ਘੇਰੇ ਤੋਂ ਦੂਰ ਹੋਵੇਗੀ।
ਜਾਰੀ ਹੁਕਮਾਂ ਅਨੁਸਾਰ ਸਾਈਲੈਂਸ ਜੋਨ ਜਿਵੇਂ ਕਿ ਹਸਪਤਾਲ, ਸਿੱਖਿਆ ਸੰਸਥਾਵਾਂ, ਅਦਾਲਤਾਂ ਅਤੇ ਧਾਰਮਿਕ ਸਥਾਨਾਂ ਆਦਿ ਦੇ 100 ਮੀਟਰ ਦੇ ਘੇਰੇ ਅੰਦਰ ਪਟਾਖੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਜੇਕਰ ਕਿਸੇ ਵੱਲੋਂ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾਂ ਕੀਤੀ ਜਾਂਦੀ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ