ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਅਕਤੂਬਰ (ਹਿੰ. ਸ.)। ਐਸ ਏ ਐਸ ਨਗਰ (ਮੋਹਾਲੀ) ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਨੇ ਬੁੱਧਵਾਰ ਨੂੰ ਆਪਣੇ ਹਲਕੇ ਵਿੱਚ ਦੋ ਮਹੱਤਵਪੂਰਨ ਸੜ੍ਹਕਾਂ - ਚੱਪੜਚਿੜੀ ਕਲਾਂ ਤੋਂ ਚੱਪੜਚਿੜੀ ਖੁਰਦ ਰੋਡ ਅਤੇ ਖਰੜ ਬਨੂੜ ਰੋਡ ਤੋਂ ਤੰਗੌਰੀ-ਕੁਰਾੜਾ-ਬੜੀ ਰੋਡ ਦੀ ਮੁਰੰਮਤ ਅਤੇ ਅਪਗ੍ਰੇਡੇਸ਼ਨ ਦੇ ਕੰਮ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ, 10 ਕਰੋੜ ਰੁਪਏ ਦੀ ਲਾਗਤ ਨਾਲ 14 ਮੁੱਖ ਸੜ੍ਹਕਾਂ ਦੀ ਮੁਰੰਮਤ ਅਤੇ ਮਜ਼ਬੂਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਹੜੀਆਂ ਤੁਰੰਤ ਧਿਆਨ ਮੰਗਦੀਆਂ ਸਨ, ਉਨ੍ਹਾਂ ਵਿੱਚੋਂ ਦੋ ਸੜ੍ਹਕਾਂ ਦਾ ਕੰਮ ਅੱਜ ਸ਼ੁਰੂ ਹੋ ਗਿਆ ਹੈ।
ਅੱਜ ਸ਼ੁਰੂ ਕੀਤੇ ਸੜਕੀ ਪ੍ਰੋਜੈਕਟਾਂ ਵਿਚੋਂ ਪਹਿਲਾ ਪ੍ਰੋਜੈਕਟ ਖਰੜ ਬਨੂੜ ਰੋਡ ਤੋਂ ਤੰਗੌਰੀ-ਕੁਰਾੜਾ-ਬੜੀ ਰੋਡ ਨਾਲ ਜੋੜਦਾ ਹੈ, ਜਿਸਦੀ ਕੁੱਲ ਲੰਬਾਈ 5.57 ਕਿਲੋਮੀਟਰ ਹੈ ਅਤੇ ਇਸਦੀ ਚੌੜਾਈ 18 ਫੁੱਟ ਹੈ। ਇਸ ਹਿੱਸੇ ਦੀ ਆਖਰੀ ਵਾਰ ਮੁਰੰਮਤ ਅਕਤੂਬਰ 2016 ਵਿੱਚ ਕੀਤੀ ਗਈ ਸੀ। ਹੁਣ, ਸੜ੍ਹਕ 2.06 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ, ਜਿਸਦੇ ਪੰਜ ਸਾਲਾਂ ਦੇ ਰੱਖ-ਰਖਾਅ ਲਈ 27 ਲੱਖ ਰੁਪਏ ਦੀ ਵਾਧੂ ਵਿਵਸਥਾ ਹੈ। ਇਸ ਵਿੱਚੋਂ, 1 ਕਿਲੋਮੀਟਰ 80 ਐਮ ਐਮ ਪੇਵਰ ਬਲਾਕ ਨਾਲ ਬਣਾਇਆ ਜਾਵੇਗਾ, ਜਦੋਂ ਕਿ ਬਾਕੀ ਹਿੱਸੇ ਨੂੰ ਲੁੱਕ ਨਾਲ ਬਣਾਇਆ ਜਾਵੇਗਾ। ਯੌਰਕ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਜ਼ੀਰਕਪੁਰ ਨੂੰ ਅਲਾਟ ਕੀਤਾ ਗਿਆ ਇਹ ਪ੍ਰੋਜੈਕਟ ਛੇ ਮਹੀਨਿਆਂ ਦੇ ਅੰਦਰ ਪੂਰਾ ਹੋ ਜਾਵੇਗਾ।
ਦੂਜਾ ਪ੍ਰੋਜੈਕਟ ਚੱਪੜਚਿੜੀ ਕਲਾਂ ਤੋਂ ਚੱਪੜਚਿੜੀ ਖੁਰਦ ਰੋਡ ਹੈ, ਜਿਸਦੀ ਲੰਬਾਈ 2.05 ਕਿਲੋਮੀਟਰ ਹੈ। ਪਹਿਲਾਂ 18 ਫੁੱਟ ਚੌੜੀ ਸੜਕ ਨੂੰ ਹੁਣ 22 ਫੁੱਟ ਚੌੜਾ ਕਰਕੇ ਬਣਾਇਆ ਜਾਵੇਗਾ। ਆਖਰੀ ਵਾਰ ਮਾਰਚ 2018 ਵਿੱਚ ਇਸ ਦੀ ਮੁਰੰਮਤ ਕੀਤੀ ਗਈ ਸੀ, ਇਸਨੂੰ ਹੁਣ 3.70 ਕਰੋੜ ਰੁਪਏ ਦੀ ਲਾਗਤ ਨਾਲ ਦੁਬਾਰਾ ਬਣਾਇਆ ਜਾ ਰਿਹਾ ਹੈ। ਇਹ ਪੂਰੀ ਸੜ੍ਹਕ 80 ਐਮ ਐਮ ਪੇਵਰ ਬਲਾਕਾਂ ਦੀ ਵਰਤੋਂ ਕਰਕੇ ਬਣਾਈ ਜਾਵੇਗੀ, ਜਿਸ ਦਾ ਕੰਮ ਚਾਰ ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ। ਇਸ ਦੀ ਉਸਾਰੀ ਦਾ ਕੰਮ ਸ੍ਰੀ ਗਣੇਸ਼ ਕੰਸਟ੍ਰਕਸ਼ਨ, ਮੋਗਾ ਨੂੰ ਸੌਂਪਿਆ ਗਿਆ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਬਿਹਤਰ ਸੜ੍ਹਕੀ ਸੰਪਰਕ ਸਮੁੱਚੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਬਿਹਤਰ ਬੁਨਿਆਦੀ ਢਾਂਚਾ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਨ੍ਹਾਂ ਦੋਵਾਂ ਸੜ੍ਹਕਾਂ 'ਤੇ ਕੰਮ ਦੀ ਸ਼ੁਰੂਆਤ, ਇੱਕ ਵੱਡੀ ਵਿਕਾਸ ਯੋਜਨਾ ਦੀ ਸ਼ੁਰੂਆਤ ਹੈ ਜਿਸ ਤਹਿਤ ਹਲਕੇ ਦੀਆਂ 14 ਪ੍ਰਮੁੱਖ ਸੜ੍ਹਕ ਦੀ ਪੜਾਅਵਾਰ ਮਜ਼ਬੂਤੀ ਅਤੇ ਨਵੀਨੀਕਰਨ ਕੀਤਾ ਜਾਵੇਗਾ।” ਉਨ੍ਹਾਂ ਅੱਗੇ ਕਿਹਾ ਕਿ ਇੱਕ ਵਾਰ ਪੂਰਾ ਹੋਣ ਤੋਂ ਬਾਅਦ, ਇਹ ਪ੍ਰੋਜੈਕਟ ਇਨ੍ਹਾਂ ਸੜ੍ਹਕਾਂ ਤੋਂ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਨਗੇ ਅਤੇ ਖੇਤਰ ਵਿੱਚ ਸੜ੍ਹਕੀ ਸੰਪਰਕ ਨੂੰ ਵਧਾਉਣਗੇ।
ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ, ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਸਨ, ਨੂੰ ਭਰੋਸਾ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਔਰਤਾਂ ਨੂੰ ਸਤਿਕਾਰ ਵਜੋਂ 1100 ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਨੂੰ ਜਲਦੀ ਹੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੂਬਾ ਸਰਕਾਰ ਵੱਲੋਂ ਪੂਰਾ ਕੀਤਾ ਜਾਣ ਵਾਲਾ ਆਖਰੀ ਚੋਣ ਵਾਅਦਾ ਹੋਵੇਗਾ, ਜੋ ਇਹ ਸਾਬਤ ਕਰਦਾ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਹਰ ਵਾਅਦੇ ਦਾ ਸਨਮਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਪਿੰਡ ਵਾਸੀਆਂ ਨੂੰ ਸੜ੍ਹਕ ਥੱਲੋਂ ਪਾਈਪ ਲੰਘਾਉਣ ਜਾਂ ਰੋਡ ਕਟਿੰਗ ਨਾਲ ਸਬੰਧਤ ਕਿਸੇ ਵੀ ਕੰਮ ਨੂੰ, ਸੜ੍ਹਕ ਉਸਾਰੀ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਪੂਰਾ ਕਰਨ ਦੀ ਅਪੀਲ ਵੀ ਕੀਤੀ, ਕਿਉਂਕਿ ਬਾਅਦ ਵਿੱਚ ਨਵੀਆਂ ਬਣੀਆਂ ਸੜਕਾਂ ਨੂੰ ਨੁਕਸਾਨ ਪਹੁੰਚਾਉਣ ਨਾਲ ਜਨਤਕ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ