ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਅਕਤੂਬਰ (ਹਿੰ. ਸ.)। ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ.ਨਗਰ, ਨਵਨੀਤ ਸਿੰਘ ਮਾਹਲ, ਕਪਤਾਨ ਪੁਲਿਸ ਟ੍ਰੈਫਿਕ ਵੱਲੋਂ ਨਸ਼ਿਆਂ ਖਿਲਾਫ ਅਤੇ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਹੇਠ ਕਰਨੈਲ ਸਿੰਘ, ਉਪ ਕਪਤਾਨ ਪੁਲਿਸ, ਟ੍ਰੈਫਿਕ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਦਿਆਲਪੁਰਾ ਐਸ.ਏ.ਐਸ.ਨਗਰ, ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਵਰਤੋਂ ਨਾ ਕਰਨ ਸਬੰਧੀ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਗਿਆ, ਇਸ ਸੈਮੀਨਾਰ ਦਾ ਮੁੱਖ ਉਦੇਸ਼ ਸਕੂਲ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਖੇਡਾਂ ਵੱਲ ਜਾਣ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ।
ਇਸ ਸੈਮੀਨਾਰ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਗੱਡੀ ਸਹੀ ਲੇਨ ਵਿੱਚ ਡਰਾਈਵਿੰਗ ਕਰਨ, ਗੱਡੀ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਅਤੇ ਗੱਡੀ ਦੀ ਲੇਨ ਬਦਲਣ ਸਮੇਂ ਇੰਡੀਕੇਟਰ ਦੀ ਵਰਤੋਂ ਕਰਨ ਸਬੰਧੀ ਸਮਝਾਇਆ ਗਿਆ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਜੇਕਰ ਤੁਸੀ ਵਹੀਕਲ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਦੇ ਹੋ ਤਾਂ ਮੋਟਰ ਵਹੀਕਲ ਐਕਟ ਦੀ ਧਾਰਾ 184 ਤਹਿਤ ਪਹਿਲੀ ਵਾਰ ਜੁਰਮ ਕਰਨ ਤੇ 5000 ਰੁਪਏ ਜੁਰਮਾਨਾ ਅਤੇ ਦੂਜੀ ਵਾਰ ਜੁਰਮ ਕਰਨ ਤੇ 10,000 ਰੁਪਏ ਜੁਰਮਾਨਾ ਅਤੇ 6 ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ। ਇਸਦੇ ਨਾਲ 3 ਮਹੀਨੇ ਲਈ ਲਾਈਸੰਸ ਸਸਪੈਂਡ ਕੀਤਾ ਜਾਵੇਗਾ। ਜੇਕਰ ਤੁਸੀਂ ਵਹੀਕਲ ਚਲਾਉਂਦੇ ਸਮੇਂ ਓਵਰ ਸਪੀਡ ਕਰਦੇ ਹੋ ਤਾਂ ਮੋਟਰ ਵਹੀਕਲ ਐਕਟ ਦੀ ਧਾਰਾ 183 ਤਹਿਤ ਪਹਿਲੀ ਵਾਰ ਜੁਰਮ ਕਰਨ ਤੇ 2,000 ਰੁਪਏ ਜੁਰਮਾਨਾ ਅਤੇ ਦੂਜੀ ਵਾਰ ਜੁਰਮ ਕਰਨ ਤੇ 4,000 ਰੁਪਏ ਜੁਰਮਾਨਾ ਹੋਵੇਗਾ। ਇਸ ਦੇ ਨਾਲ ਹੀ ਲਾਈਸੰਸ 3 ਮਹੀਨੇ ਲਈ ਸਸਪੈਂਡ ਕੀਤਾ ਜਾਵੇਗਾ
ਇਸ ਮੌਕੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਦਿਆਲਪੁਰਾ ਐਸ.ਏ.ਐਸ.ਨਗਰ ਦੇ ਪ੍ਰਿੰਸੀਪਲ ਡੇਜ਼ੀ, ਅਮਰੀਕ ਸਿੰਘ ਲੈਕਚਰਾਰ ਪੰਜਾਬੀ, ਪੂਨਰ ਗੁਪਤਾ ਸਾਇੰਸ ਮਿਸਟ੍ਰੈਸ ਅਤੇ ਹੋਰ ਸਟਾਫ ਨੇ ਡੀ ਐਸ ਪੀ ਟ੍ਰੈਫਿਕ ਦਾ ਜਾਗਰੂਕਤਾ ਸਬੰਧੀ ਇਹ ਸੈਮੀਨਾਰ ਲਗਾਉਣ ਲਈ ਧੰਨਵਾਦ ਕੀਤਾ। ਕਰਨੈਲ ਸਿੰਘ, ਉਪ ਕਪਤਾਨ ਪੁਲਿਸ ਟ੍ਰੈਫਿਕ ਨੇ ਅੰਤ ਵਿੱਚ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਵੱਲ ਜਾਣ ਲਈ ਪ੍ਰੇਰਿਤ ਕੀਤਾ
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ