ਫਾਜ਼ਿਲਕਾ, 13 ਅਕਤੂਬਰ (ਹਿੰ. ਸ.)। ਸਿਵਲ ਸਰਜਨ ਡਾਕਟਰ ਰੋਹਿਤ ਗੋਇਲ ਨੇ ਸਿਵਲ ਹਸਪਤਾਲ ਅਬੋਹਰ ਵਿਚ ਡੇਂਗੂ ਮਰੀਜਾਂ ਲਈ ਸਥਾਪਿਤ ਡੇਂਗੂ ਵਾਰਡ ਦੇ ਨਾਲ ਹੀ ਹੋਰ ਵਾਰਡਾਂ ਦਾ ਦੌਰਾ ਕਰਕੇ ਮਰੀਜਾਂ ਦਾ ਹਾਲ ਚਾਲ ਪੁੱਛਿਆ ਤੇ ਦਿੱਕਤਾਂ ਸਬੰਧੀ ਜਾਣਕਾਰੀ ਵੀ ਲਈ। ਇਸ ਮੌਕੇ ਉਹਨਾਂ ਦੇ ਨਾਲ ਸਿਵਲ ਹਸਪਤਾਲ ਦੇ ਕਾਰਜਕਾਰੀ ਐਸ.ਐਮ.ਓ ਡਾ. ਸੁਰੇਸ਼ ਕੰਬੋਜ, ਬੱਚਿਆਂ ਦੇ ਮਾਹਿਰ ਡਾ. ਸੌਗਾਤ ਜੈਨ, ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ, ਫਾਰਮੇਸੀ ਅਫਸਰ ਚੰਦਰਭਾਨ ਤੇ ਸਟਾਫ਼ ਮੌਜੂਦ ਸਨ ।
ਇਸ ਮੋਕੇ ਡਾ. ਰੋਹਿਤ ਗੋਇਲ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਡੇਂਗੂ ਮਰੀਜਾਂ ਦੇ ਇਲਾਜ ਲਈ ਬੇਹਤਰ ਸਹੂਲਤਾਂ ਉਪਲਬਧ ਹਨ। ਵਾਰਡ ਵਿੱਚ ਮੱਛਰਦਾਨੀ ਵਾਲੇ ਬੈਡ ਲਗਾਏ ਗਏ ਹਨ ਅਤੇ ਮੈਡੀਕਲ ਸ਼ਪੈਸ਼ਲਿਸਟ ਤੇ ਦਵਾਈਆਂ ਦੀ ਵੀ ਕੋਈ ਘਾਟ ਨਹੀਂ ਹੈ। ਬੱਲਡ ਬੈਂਕ ਦੀਆ ਸੇਵਾਵਾਂ 24 ਘੰਟੇ ਮਿਲ ਰਹੀਆਂ ਹਨ। ਹੋਰ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਡੇਂਗੂ ਮੱਛਰ ਦੇ ਲਾਰਵੇ ਦੇ ਖਾਤਮੇ ਲਈ ਲਗਾਤਾਰ ਸਪਰੇਅ ਅਤੇ ਫੌਗਿੰਗ ਕਰਵਾਈ ਜਾ ਰਹੀ ਹੈ। ਡੇਂਗੂ ਦੇ ਹੋਟ ਸਪਾਟ ਏਰੀਆ ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਨਗਰ ਨਿਗਮ ਨਾਲ ਮਿਲ ਕੇ ਫੋਗਿੰਗ ਤੇ ਚਾਲਾਨ ਦੀ ਕਰਵਾਈ ਕੀਤੀ ਜਾ ਰਹੀ ਹੈ।
ਉਹਨਾਂ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਡੇਂਗੂ ਦੇ ਖਾਤਮੇ ਲਈ ਸਹਿਯੋਗ ਦਿੰਦੇ ਹੋਏ ਆਪਣੇ ਆਸ ਪਾਸ ਸਾਫ ਵਾਤਾਵਰਨ ਸਿਰਜਨ ਅਤੇ ਹਫਤੇ ਵਿੱਚ ਇੱਕ ਦਿਨ ਪਾਣੀ ਦੇ ਸਰੋਤਾਂ ਨੂੰ ਸੁਕਾ ਕੇ ਫਿਰ ਵਰਤੋਂ ਵਿੱਚ ਲਿਆਉਣ ਤਾਂ ਜੋ ਵੈਕਟਰ ਬੋਰਨ ਬਿਮਾਰੀਆਂ ਤੋ ਬੱਚਿਆ ਜਾ ਸਕੇ। ਉਹਨਾਂ ਕਿਹਾ ਕਿ ਬੁਖਾਰ ਹੋਣ ਦੀ ਸੂਰਤ ਵਿਚ ਨਜਦੀਕੀ ਸਿਹਤ ਸੰਸਥਾਂ ਵਿਖੇ ਸੰਪਰਕ ਕੀਤਾ ਜਾਵੇ ਅਤੇ ਐਸਪਰੀਨ ਜਾਂ ਬਰੂਫਨ ਦੀ ਗੋਲੀ ਦੀ ਵਰਤੋਂ ਨਾ ਕੀਤੀ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ