ਸਿਵਲ ਸਰਜਨ ਵਲੋਂ ਦੀਵਾਲੀ ਦੇ ਸਨਮੁੱਖ ਲੋਕਾਂ ਨੂੰ ਦੀਵੇ ਖ਼ਰੀਦਣ ਦੀ ਅਪੀਲ
ਮੋਹਾਲੀ, 13 ਅਕਤੂਬਰ (ਹਿੰ. ਸ.)। ਜ਼ਿਲ੍ਹਾ ਪੱਧਰੀ ਨਸ਼ਾ-ਮੁਕਤੀ ਕੇਂਦਰ ਦੇ ਮਰੀਜ਼ਾਂ ਨੇ ਅਪਣੇ ਹੁਨਰ ਦਾ ਮੁਜ਼ਾਹਰਾ ਕਰਦਿਆਂ ਦੀਵਾਲੀ ਦੇ ਸਨਮੁਖ ਇਸ ਵਾਰ ਵੀ ਅਪਣੇ ਹੱਥੀਂ ਦੀਵੇ ਤਿਆਰ ਕੀਤੇ ਹਨ। ਇਹ ਰੰਗ-ਬਰੰਗੇ ਦੀਵੇ ਕੇਂਦਰ ਦੇ ਬਾਹਰ ਬਾਕਾਇਦਾ ਸਟਾਲ ਲਗਾ ਕੇ ਲੋਕਾਂ ਨੂੰ ਵੇਚੇ ਜਾ ਰਹੇ ਹਨ। ਇਸ ਸਬੰਧ ’ਚ ਜਾਣਕ
.


ਮੋਹਾਲੀ, 13 ਅਕਤੂਬਰ (ਹਿੰ. ਸ.)। ਜ਼ਿਲ੍ਹਾ ਪੱਧਰੀ ਨਸ਼ਾ-ਮੁਕਤੀ ਕੇਂਦਰ ਦੇ ਮਰੀਜ਼ਾਂ ਨੇ ਅਪਣੇ ਹੁਨਰ ਦਾ ਮੁਜ਼ਾਹਰਾ ਕਰਦਿਆਂ ਦੀਵਾਲੀ ਦੇ ਸਨਮੁਖ ਇਸ ਵਾਰ ਵੀ ਅਪਣੇ ਹੱਥੀਂ ਦੀਵੇ ਤਿਆਰ ਕੀਤੇ ਹਨ। ਇਹ ਰੰਗ-ਬਰੰਗੇ ਦੀਵੇ ਕੇਂਦਰ ਦੇ ਬਾਹਰ ਬਾਕਾਇਦਾ ਸਟਾਲ ਲਗਾ ਕੇ ਲੋਕਾਂ ਨੂੰ ਵੇਚੇ ਜਾ ਰਹੇ ਹਨ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਨਸ਼ਾ-ਮੁਕਤੀ ਕੇਂਦਰ ਦੇ ਇੰਚਾਰਜ ਡਾ. ਪੂਜਾ ਗਰਗ ਨੇ ਦਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਅਧੀਨ ਇਸ ਕੇਂਦਰ ਵਿਚ ਮਰੀਜ਼ਾਂ ਨੂੰ ਸਰੀਰਕ ਗਤੀਵਿਧੀਆਂ ਦੇ ਨਾਲ-ਨਾਲ ਕਿੱਤਾਮੁਖੀ ਕੋਰਸ ਵੀ ਕਰਵਾਏ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਿੱਛੇ ਜਿਹੇ ਨਸ਼ੇ ਦੇ ਮਰੀਜ਼ਾਂ ਵਾਸਤੇ ਹੁਨਰ ਵਿਕਾਸ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਤਹਿਤ ਮਰੀਜ਼ਾਂ ਨੂੰ ਖਾਣ-ਪੀਣ ਦਾ ਸਮਾਨ ਬਣਾਉਣ, ਮੋਬਾਈਲ ਅਤੇ ਹੋਰ ਉਪਕਰਨਾਂ ਦੀ ਮੁਰੰਮਤ, ਰੋਜ਼ਾਨਾ ਲੋੜਾਂ ਦੀਆਂ ਚੀਜ਼ਾਂ ਤਿਆਰ ਕਰਨ ਆਦਿ ਦੇ ਕਿੱਤਾ-ਮੁਖੀ ਕੋਰਸ ਕਰਵਾਏ ਜਾਂਦੇ ਹਨ। ਡਾ. ਜੈਨ ਨੇ ਦਸਿਆ ਕਿ ਇਹ ਕੋਰਸ ਕਰਵਾਉਣ ਦਾ ਮੰਤਵ ਇਹੋ ਹੈ ਕਿ ਮਰੀਜ਼ ਵੱਧ ਤੋਂ ਵੱਧ ਸਰੀਰਕ ਗਤੀਵਿਧੀਆਂ ਜ਼ਰੀਏ ਆਪਣੇ-ਆਪ ਨੂੰ ਮਸਰੂਫ਼ ਰੱਖ ਸਕਣ ਅਤੇ ਨਸ਼ੇ ਦੀ ਬੀਮਾਰੀ ਤੋਂ ਨਿਜਾਤ ਪਾ ਸਕਣ। ਜਦੋਂ ਮਰੀਜ਼ ਠੀਕ ਹੋ ਕੇ ਅਪਣੇ ਘਰ ਜਾਣ ਤਾਂ ਉਨ੍ਹਾਂ ਦਾ ਚੰਗੀ ਤਰ੍ਹਾਂ ਮੁੜ-ਵਸੇਬਾ ਹੋ ਸਕੇ ਅਤੇ ਉਹ ਅਪਣੀ ਰੋਜ਼ੀ-ਰੋਟੀ ਕਮਾਉਣ ਦੇ ਵੀ ਯੋਗ ਹੋ ਸਕਣ। ਉਨ੍ਹਾਂ ਦਸਿਆ ਕਿ ਦੀਵਿਆਂ ਦੀ ਵਿਕਰੀ ਤੋਂ ਜੋ ਵੀ ਆਮਦਨ ਹੁੰਦੀ ਹੈ, ਉਹ ਮਰੀਜ਼ਾਂ ਦੀਆਂ ਲੋੜਾਂ ਪੂਰੀਆਂ ਕਰਨ ’ਤੇ ਹੀ ਖ਼ਰਚ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਨਸ਼ਾ-ਮੁਕਤੀ ਕੇਂਦਰ ਵਿਚ ਮਰੀਜ਼ ਦੀ ਡਾਕਟਰੀ ਜਾਂਚ, ਇਲਾਜ, ਖਾਣਾ ਤੇ ਰਿਹਾਇਸ਼ ਬਿਲਕੁਲ ਮੁਫ਼ਤ ਹੈ।

ਸਿਵਲ ਸਰਜਨ ਨੇ ਆਖਿਆ ਕਿ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਨਸ਼ੇ ਦੀ ਬੀਮਾਰੀ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਵਚਨਵੱਧ ਹੈ ਅਤੇ ਨਸ਼ਾ ਛੱਡਣ ਦਾ ਚਾਹਵਾਨ ਕੋਈ ਵੀ ਵਿਅਕਤੀ ਨੇੜਲੀ ਸਰਕਾਰੀ ਸਿਹਤ ਸੰਸਥਾ ਵਿਚ ਜਾ ਕੇ ਡਾਕਟਰ ਨਾਲ ਸੰਪਰਕ ਕਰ ਸਕਦਾ ਹੈ ਜਾਂ ਸਿਹਤ ਵਿਭਾਗ ਦੀ ਮੈਡੀਕਲ ਹੈਲਪਲਾਈਨ 104 'ਤੇ ਅਪਣੀ ਤਕਲੀਫ਼ ਬਾਰੇ ਦੱਸ ਸਕਦਾ ਹੈi ਡਾ. ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਟਾਲ ’ਤੇ ਆ ਕੇ ਦੀਵੇ ਖ਼ਰੀਦਣ ਤਾਕਿ ਮਰੀਜ਼ਾਂ ਦਾ ਹੌਸਲਾ ਵਧਾਇਆ ਜਾ ਸਕੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande