ਜਲਾਲਾਬਾਦ/ਫਾਜ਼ਿਲਕਾ 13 ਅਕਤੂਬਰ (ਹਿੰ. ਸ.)।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਸਿਰਤੋੜ ਯਤਨ ਕਰ ਰਹੀ ਹੈ ਤਾਂ ਜੋ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀ ਦਿੱਖ ਮਿਲ ਸਕੇ। ਇਹ ਪ੍ਰਗਟਾਵਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਹਲਕਾ ਜਲਾਲਾਬਾਦ ਦੇ ਅਰਨੀਵਾਲਾ ਬਲਾਕ ਦੇ ਵੱਖ-ਵੱਖ ਪਿੰਡਾਂ ਦੀਆਂ ਸੜਕਾਂ ਦੀ ਰਿਪੇਅਰ/ਨਵੀਨੀਕਰਨ ਲਈ 4 ਕਰੋੜ 29 ਲੱਖ 70 ਲੱਖ ਦੇ ਪ੍ਰਾਜੈਕਟਾਂ ਦੇ ਉਦਘਾਟਨ ਕਰਨ ਮੌਕੇ ਕੀਤਾ।
ਇਸ ਮੌਕੇ ਬੋਲਦਿਆਂ ਵਿਧਾਇਕ ਜਲਾਲਾਬਾਦ ਨੇ ਕਿਹਾ ਕਿ ਅੱਜ ਕਮਾਲ ਵਾਲਾ ਤੋਂ ਕੋਹਾੜਿਆ ਵਾਲੀ ਸੜਕ 79.67 ਲੱਖ ਦੀ ਲਾਗਤ ਨਾਲ, ਡੱਬਵਾਲਾ ਕਲਾਂ ਤੋਂ ਟਾਹਲੀ ਵਾਲਾ ਜੱਟਾ 42.01 ਲੱਖ, ਇਸਲਾਮ ਵਾਲਾ ਤੋਂ ਕੰਧਵਾਲਾ ਹਾਜ਼ਰ ਖਾਨ 57.97 ਲੱਖ, ਬੁਰਜ ਹਨੂੰਮਾਨਗੜ੍ਹ ਤੋਂ ਮੋਹੱਲਿਆ ਵਾਇਆ ਘੁੜਿਆਣਾ 84.54 ਲੱਖ ਅਤੇ ਅਰਨੀਵਾਲਾ ਤੋਂ ਸੰਮੇਵਾਲੀ (ਸੈਕਸ਼ਨ ਅਰਨੀਵਾਲਾ ਤੋਂ ਨੰਦਗੜ੍ਹ ਵਾਇਆ ਬੰਨ੍ਹਾ ਵਾਲੀ ਪੱਕਾ 1 ਕਰੋੜ 65 ਲੱਖ 51 ਹਜ਼ਾਰ ਦੀ ਲਾਗਤ ਨਾਲ ਸੜਕਾਂ ਦੇ ਰਿਪੇਅਰ/ਨਵੀਨੀਕਰਨ ਦੇ ਉਦਘਾਟਨ ਕੀਤੇ ਗਏ ਹਨ।
ਵਿਧਾਇਕ ਜਲਾਲਾਬਾਦ ਨੇ ਕਿਹਾ ਕਿ ਹਲਕੇ ਦਾ ਕੋਈ ਵੀ ਪਿੰਡ ਵਿਕਾਸ ਪੱਖੋਂ ਪਿੱਛੇ ਨਹੀਂ ਰਹੇਗਾ ਤੇ ਹਲਕੇ ਦੀ ਹਰ ਸੜਕ ਨੂੰ ਪੱਕਾ ਤੇ ਰਿਪੇਅਰ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿੱਚ ਗਲੀਆਂ, ਨਾਲੀਆਂ, ਪੱਕੇ ਛੱਪੜ, ਸੀਵਰੇਜ ਅਤੇ ਸਟੇਡੀਅਮ ਆਦਿ ਕਾਰਜ ਕੀਤੇ ਜਾ ਰਹੇ ਹਨ ਤੇ ਉਹ ਆਪਣੀ ਜਨਮਭੂਮੀ ਨੂੰ ਕਰਮਭੂਮੀ ਬਣਾ ਕੇ ਹੀ ਰਹਿਣਗੇ।
ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਕਿਹਾ ਕਿ ਜੇਕਰ ਪਿੰਡ ਦੇ ਕਿਸੇ ਵੀ ਵਿਕਾਸ ਲਈ ਫੰਡ ਦੀ ਲੋੜ ਹੈ ਤਾਂ ਬੇਝਿਜਕ ਹੋ ਕੇ ਉਨ੍ਹਾਂ ਨੂੰ ਦੱਸਣ, ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ ਹਰ ਵਿਕਾਸ ਦੇ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨੇਪਰੇ ਚਾੜ੍ਹੇ ਜਾਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ