ਮੋਹਾਲੀ, 2 ਅਕਤੂਬਰ (ਹਿੰ. ਸ.)। ਜੇ ਤੁਹਾਡਾ ਬੱਚਾ ਵੀ ਲਗਾਤਾਰ ਸਕਰੀਨ ਦੇਖ ਰਿਹਾ ਹੈ ਅਤੇ ਉਸਦੇ ਚਸ਼ਮੇ ਦਾ ਨੰਬਰ ਵੱਧ ਰਿਹਾ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅੱਖਾਂ ਦੀ ਦੇਖਭਾਲ ਵਿੱਚ ਤਿੰਨ ਦਹਾਕਿਆਂ ਤੋ ਮੋਹਰੀ ਸੋਹਾਣਾ ਆਈ ਹਸਪਤਾਲ, ਮੋਹਾਲੀ ਨੇ ਟ੍ਰਾਈਸਿਟੀ ਲਈ ਇੱਕ ਇਤਿਹਾਸਕ ਪਹਿਲ ਕੀਤੀ ਹੈ। ਹਸਪਤਾਲ ਨੇ ਇੱਥੇ ਦੇ ਪਹਿਲੇ ਸਮਰਪਿਤ 'ਮਾਇਓਪੀਆ ਮੈਨੇਜਮੈਂਟ ਕਲੀਨਿਕ' ਦਾ ਉਦਘਾਟਨ ਕਰਕੇ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਤੇਜ਼ੀ ਨਾਲ ਵਧ ਰਹੀ ਨੇੜੇ ਦੀ ਨਜ਼ਰ ਕਮਜ਼ੋਰ ਹੋਣ ਦੀ ਸਮੱਸਿਆ ਨਾਲ ਲੜਨ ਦੀ ਜਿੰਮੇਵਾਰੀ ਚੁੱਕੀ ਹੈ। 25 ਲੱਖ ਤੋ ਵੱਧ ਸਫ਼ਲ ਸਰਜਰੀਆਂ ਦੇ ਤਜਰਬੇ ਅਤੇ 20+ ਸੀਨੀਅਰ ਕੰਸਲਟੈਂਟਾਂ ਦੀ ਫੌਜ ਨਾਲ ਸੋਹਾਣਾ ਹਸਪਤਾਲ ਹਮੇਸ਼ਾ ਉੱਤਰੀ ਭਾਰਤ ਵਿੱਚ ਉੱਚ-ਗੁਣਵੱਤਾ ਦੀ ਦੇਖਭਾਲ ਦਾ ਪ੍ਰਤੀਕ ਰਿਹਾ ਹੈ। ਪਰ ਹੁਣ, ਕੋਵਿਡ ਮਹਾਂਮਾਰੀ ਤੋ ਬਾਅਦ ਵਧੇ ਮਾਇਓਪੀਆ ਦੇ ਮਾਮਲਿਆਂ ਨੂੰ ਦੇਖਦੇ ਹੋਏ, ਹਸਪਤਾਲ ਨੇ ਇਸ ਨਵੀਂ ਅਤੇ ਜ਼ਰੂਰੀ ਸੇਵਾ ਦੀ ਸ਼ੁਰੂਆਤ ਕੀਤੀ ਹੈ।ਸੋਹਾਣਾ ਹਸਪਤਾਲ ਦੀ ਸੀ.ਓ.ਓ. ਅਤੇ ਸੀਨੀਅਰ ਸਰਜਨ, ਡਾ. ਅਮਨਪ੍ਰੀਤ ਕੌਰ ਨੇ ਦੱਸਿਆਂ ਕਿ ਪਿਛਲੇ ਕੁਝ ਸਾਲਾਂ ਦੌਰਾਨ ਖ਼ਾਸ ਕਰਕੇ ਕੋਵਿਡ ਮਹਾਂਮਾਰੀ ਤੋ ਬਾਅਦ ਬੱਚਿਆਂ ਵਿੱਚ ਮਾਇਓਪੀਆ (ਨਜ਼ਦੀਕੀ ਨਜ਼ਰ ਦੀ ਕਮੀ) ਤੇਜ਼ੀ ਨਾਲ ਵਧੀ ਹੈ। ਮੋਬਾਈਲ ਫੋਨਾਂ, ਆਨਲਾਈਨ ਕਲਾਸਾਂ ਅਤੇ ਸਕਰੀਨ ਟਾਈਮ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਮਾਇਓਪੀਆ ਇਕ ਵਾਰ ਸ਼ੁਰੂ ਹੋਣ 'ਤੇ ਉਮਰ ਨਾਲ ਵੱਧਦੀ ਜਾਂਦੀ ਹੈ ਅਤੇ ਜੇ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਇਹ ਗੰਭੀਰ ਨੇਤ੍ਰ ਰੋਗਾਂ ਦਾ ਕਾਰਨ ਬਣ ਸਕਦੀ ਹੈ।
ਇਸ ਕਲੀਨਿਕ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਨਜ਼ਰ ਦੀ ਕਮਜ਼ੋਰੀ ਨੂੰ 'ਰੋਕਣਾ' ਹੈ, ਨਾ ਕਿ ਸਿਰਫ਼ ਚਸ਼ਮੇ ਦੇ ਨੰਬਰ ਨੂੰ 'ਬਦਲਣਾ'। ਇੱਥੇ ਬੱਚਿਆਂ ਦੀ ਨਜ਼ਰ ਦੇ ਵਾਧੇ ਨੂੰ ਰੋਕਣ ਲਈ ਅਤਿ-ਆਧੁਨਿਕ ਡਾਇਗਨੌਸਟਿਕ ਅਤੇ ਇਲਾਜ ਸਹੂਲਤਾਂ ਉਪਲਬਧ ਹੋਣਗੀਆਂ। ਸੋਹਾਣਾ ਹਸਪਤਾਲ ਦੀ ਸੀ.ਓ.ਓ. ਅਤੇ ਸੀਨੀਅਰ ਸਰਜਨ, ਡਾ. ਅਮਨਪ੍ਰੀਤ ਕੌਰ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਮਾਇਓਪੀਆ ਸਿਰਫ਼ ਇੱਕ ਮਾਮੂਲੀ ਨੁਸਖ਼ਾ ਨਹੀਂ ਹੈ। ਇਹ ਇੱਕ ਗੰਭੀਰ ਬਿਮਾਰੀ ਹੈ ਜੋ ਵੱਡੇ ਹੋ ਕੇ ਅੱਖਾਂ ਨੂੰ ਹੋਰ ਨੁਕਸਾਨ ਪਹੁੰਚਾ ਸਕਦੀ ਹੈ। ਸਾਡਾ ਨਵਾਂ ਕਲੀਨਿਕ ਸਿਰਫ਼ ਨਜ਼ਰ ਦੇ ਘੱਟਣ ਵੱਧਣ ਤੇ ਹੀ ਨਜ਼ਰ ਨਹੀਂ ਰੱਖੇਗਾ, ਸਗੋ ਇਹ ਮਾਹਿਰ ਡਾਕਟਰਾਂ, ਥੈਰੇਪਿਸਟਾਂ ਅਤੇ ਆਧੁਨਿਕ ਤਕਨੀਕਾਂ ਦੀ ਇੱਕ ਸਮਰਪਿਤ ਟੀਮ ਦੇ ਨਾਲ ਇਸਦੇ ਵਾਧੇ ਨੂੰ ਜੜ੍ਹ ਤੋ ਰੋਕੇਗਾ।ਇਸ ਇਤਿਹਾਸਕ ਪਹਿਲ 'ਤੇ ਬੋਲਦਿਆਂ ਟਰੱਸਟ ਦੇ ਸਕੱਤਰ ਸਰਦਾਰ ਗੁਰਮੀਤ ਸਿੰਘ ਨੇ ਕਿਹਾ ਕਿ ਸੋਹਾਣਾ ਹਸਪਤਾਲ ਨੇ ਹਮੇਸ਼ਾ ਲੋਕਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦਿੱਤੀ ਹੈ। ਅਸੀਂ ਦੇਖਿਆ ਕਿ ਇਸ ਮਾਇਓਪੀਆ ਕਲੀਨਿਕ ਦੀ ਕਿੰਨੀ ਜ਼ਰੂਰਤ ਹੈ। ਇਹ ਕਲੀਨਿਕ ਸਭ ਤੋ ਨਵੀਨਤਮ ਉਪਕਰਣਾਂ ਨਾਲ ਲੈਸ ਹੈ, ਜਿਸ ਨਾਲ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇਗਾ। ਇਹ ਵਿਸ਼ੇਸ਼ ਕਲੀਨਿਕ ਹਰ ਹਫ਼ਤੇ ਮੰਗਲਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸ਼ਾਮ 3 ਵਜੇ ਤੋ 5 ਵਜੇ ਤੱਕ ਖੁੱਲ੍ਹਾ ਰਹੇਗਾ। ਰੋਜ਼ਾਨਾ 800-900 ਮਰੀਜ਼ਾਂ ਦੀ ਦੇਖਭਾਲ ਕਰਨ ਵਾਲਾ ਸੋਹਾਣਾ ਹਸਪਤਾਲ ਇਸ ਨਵੇਂ ਕਦਮ ਨਾਲ ਉੱਤਰੀ ਭਾਰਤ ਵਿੱਚ ਅੱਖਾਂ ਦੀ ਸਿਹਤ ਦੇ ਮਿਆਰ ਨੂੰ ਇੱਕ ਨਵੀਂ ਉਚਾਈ 'ਤੇ ਲੈ ਗਿਆ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ