ਫਾਜ਼ਿਲਕਾ 7 ਅਕਤੂਬਰ (ਹਿੰ. ਸ.)। ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਪਿੰਡਾਂ ਦੀ ਨੁਹਾਰ ਨੂੰ ਬਦਲਣ ਲਈ ਲਗਾਤਾਰ ਪਿੰਡ ਵਾਸੀਆਂ ਨੂੰ ਸੋਗਾਤਾ ਦੇ ਰਹੇ ਹਨ | ਇਸੇ ਲੜੀ ਤਹਿਤ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ 1 ਕਰੋੜ 41 ਲੱਖ 85 ਹਜਾਰ ਦੀ ਲਾਗਤ ਨਾਲ ਬਣਨ ਵਾਲੀਆਂ ਵੱਖ-ਵੱਖ ਪਿੰਡਾਂ ਦੀਆਂ ਸੜਕਾਂ/ਫਿਰਨੀਆਂ ਦੇ ਨੀਹ ਪੱਥਰ ਰੱਖੇ| ਸਵਨਾ ਨੇ ਦੱਸਿਆ ਕਿ ਪਿੰਡ ਹੀਰਾਂਵਾਲੀ ਤੋਂ ਬੇਗਾਂਵਾਲੀ ਮੋੜ ਤੱਕ 80.77 ਲੱਖ ਰੁਪਏ ਦੀ ਲਾਗਤ ਨਾਲ, ਹੀਰਾਂ ਵਾਲੀ ਤੋਂ ਖੂਈ ਖੇੜਾ 47.85 ਲੱਖ ਨਾਲ ਸੜਕ ਬਣਾਈ ਜਾਵੇਗੀ, ਬਣਵਾਲਾ ਹਨੁਵੰਤਾ ਦੀ ਫਿਰਨੀ ਦਾ ਕੰਮ 13. 23 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾਵੇਗਾ | ਉਨਾਂ ਕਿਹਾ ਕਿ ਸੜਕਾਂ ਬਣਨ ਨਾਲ ਪਿੰਡਾਂ ਦੀ ਆਵਾਜਾਹੀ ਸੁਖਾਲੀ ਹੋ ਜਾਵੇਗੀ ਤੇ ਕਿਸੇ ਵੀ ਅਸੁਖਾਵੀ ਘਟਨਾ ਵਾਪਰਨ ਦਾ ਖਦਸ਼ਾ ਵੀ ਨਹੀਂ ਰਹੇਗਾ | ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ| ਉਨਾਂ ਕਿਹਾ ਕਿ ਹਲਕੇ ਦੇ ਹਰੇਕ ਪਿੰਡ ਨੂੰ ਮੁਢਲੀਆਂ ਤੇ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਪਿੰਡ ਵਿਕਾਸ ਪੱਖੋਂ ਵਾਂਝਾ ਨਾ ਰਹੇ|
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ