ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 7 ਅਕਤੂਬਰ (ਹਿੰ. ਸ.)। ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ।
ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ), ਤਲਵਿੰਦਰ ਸਿੰਘ, ਕਪਤਾਨ ਪੁਲਿਸ (ਓਪਰੇਸ਼ਨ) ਅਤੇ ਜਤਿੰਦਰ ਸਿੰਘ ਚੌਹਾਨ, ਉਪ-ਕਪਤਾਨ ਪੁਲਿਸ (ਜਾਂਚ) ਦੀ ਨਿਗਰਾਨੀ ਹੇਠ, ਇੰਸਪੈਕਟਰ ਹਰਮਿੰਦਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ ਮੋਹਾਲੀ, ਦੀ ਟੀਮ ਵੱਲੋਂ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ 100 ਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।
ਮਿਤੀ 02-10-2025 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਦਸਹਿਰਾ ਤਿਉਹਾਰ ਦੇ ਸਬੰਧ ਵਿੱਚ ਕ੍ਰਿਸਚਨ ਸਕੂਲ ਖਰੜ ਦੇ ਨੇੜੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇੱਕ ਵਿਅਕਤੀ ਪੈਦਲ ਖਰੜ ਵਾਲੇ ਪਾਸੇ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੁੜਨ ਲੱਗਾ। ਉਸਨੂੰ ਸ਼ੱਕ ਦੇ ਆਧਾਰ 'ਤੇ ਸਬ ਇੰਸਪੈਕਟਰ ਗੁਰਪ੍ਰਤਾਪ ਸਿੰਘ ਵੱਲੋਂ ਰੋਕ ਕੇ ਚੈਕ ਕੀਤਾ ਗਿਆ।
ਤਲਾਸ਼ੀ ਦੌਰਾਨ ਉਸਦੇ ਕੋਲੋਂ ਇੱਕ ਪਾਣੀ ਵਾਲੀ ਸਟੀਲ ਦੀ ਬੋਤਲ ਮਿਲੀ ਜੋ ਥੱਲੇ ਤੋਂ ਖੁੱਲਦੀ ਸੀ। ਬੋਤਲ ਨੂੰ ਖੋਲ੍ਹ ਕੇ ਚੈਕ ਕਰਨ 'ਤੇ ਉਸ ਵਿਚੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਮੁਕੱਦਮਾ ਨੰਬਰ 360 ਮਿਤੀ 02-10-2025 ਧਾਰਾ 21 ਐਨ.ਡੀ.ਪੀ.ਐਸ. ਐਕਟ ਅਧੀਨ ਥਾਣਾ ਸਿਟੀ ਖਰੜ ਵਿੱਚ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਦੋਸ਼ੀ ਦੀ ਪਹਚਾਣ:
ਹਰਜੀਤ ਸਿੰਘ ਉਰਫ਼ ਹੈਰੀ ਪੁੱਤਰ ਕਰਨੈਲ ਸਿੰਘ, ਵਾਸੀ ਵਾਰਡ ਨੰ: 5 ਕੰਬੋਜ ਨਗਰ, ਪਿੱਪਲ ਵਾਲੀ ਗਲੀ, ਫਿਰੋਜ਼ਪੁਰ, ਉਮਰ ਕਰੀਬ 34 ਸਾਲ, ਬਾਰ੍ਹਵੀਂ ਜਮਾਤ ਪਾਸ ਅਤੇ ਵਿਆਹਿਆ ਹੋਇਆ ਹੈ। ਦੋਸ਼ੀ ਪਹਿਲਾਂ ਵੀ ਫਿਰੋਜ਼ਪੁਰ ਤੋਂ ਹੈਰੋਇਨ ਲਿਆ ਕੇ ਜ਼ਿਲ੍ਹਾ ਮੋਹਾਲੀ ਵਿੱਚ ਸਪਲਾਈ ਕਰਦਾ ਰਿਹਾ ਹੈ। ਇਸਦੇ ਵਿਰੁੱਧ ਪਹਿਲਾਂ ਵੀ ਮੁਕੱਦਮਾ ਨੰਬਰ 51 ਮਿਤੀ 06-06-2025 ਧਾਰਾ 21/29 ਐਨ.ਡੀ.ਪੀ.ਐਸ. ਐਕਟ ਥਾਣਾ ਫੇਜ਼-8 ਮੋਹਾਲੀ ਵਿੱਚ ਦਰਜ ਹੈ।
ਦੋਸ਼ੀ ਨੂੰ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਪੁਲਿਸ ਉਸ ਵਿਅਕਤੀ ਦੀ ਪਹਚਾਣ ਕਰਨ ਦਾ ਯਤਨ ਕਰ ਰਹੀ ਹੈ ਜਿਸਨੂੰ ਦੋਸ਼ੀ ਹੈਰੋਇਨ ਸਪਲਾਈ ਕਰਦਾ ਸੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ