
ਚੰਡੀਗੜ੍ਹ, 15 ਨਵੰਬਰ (ਹਿੰ. ਸ.)। ਪੰਜਾਬ ਸਰਕਾਰ ਨੇ ਸੂਬੇ ਵਿੱਚ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ 311 ਨਰਸਾਂ ਦੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਹੋਈ ਕੈਬਿਨੇਟ ਮੀਟਿੰਗ ਵਿੱਚ ਲਿਆ ਗਿਆ।
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਫ਼ੈਸਲਾ ਮਰੀਜ਼ਾਂ ਦੀ ਦੇਖਭਾਲ ਸੰਬੰਧੀ ਸੇਵਾਵਾਂ ਵਿੱਚ ਸੁਧਾਰ ਅਤੇ ਸਰਕਾਰੀ ਸਿਹਤ ਸੰਸਥਾਵਾਂ ਦੀ ਸਮਰੱਥਾ ਵਧਾਉਣ ਵੱਲ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ 400 ਤੋਂ ਵੱਧ ਹੋਰ ਨਰਸਾਂ ਦੀ ਭਰਤੀ ਪ੍ਰਕਿਰਿਆ ਵੀ ਚੱਲ ਰਹੀ ਹੈ, ਤਾਂ ਜੋ ਹਰ ਸਿਹਤ ਸਹੂਲਤ ਵਿੱਚ ਲੋੜੀਂਦਾ ਸਟਾਫ਼ ਉਪਲਬਧ ਰਹੇ। ਇਹ ਨਰਸਾਂ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਪਹਿਲਾਂ ਜ਼ੁਆਇਨ ਕਰ ਲੈਣਗੀਆਂ।
ਸੀ.ਡੀ.ਪੀ.ਓ. ਦੇ 16 ਖਾਲੀ ਅਹੁਦਿਆਂ ਦੀ ਭਰਤੀ ਨੂੰ ਮਨਜ਼ੂਰੀ
ਕੈਬਿਨੇਟ ਨੇ ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀ (CDPO) ਦੇ 16 ਖਾਲੀ ਅਹੁਦਿਆ ਨੂੰ ਦੁਬਾਰਾ ਖੋਲ ਕੇ, ਇਨ੍ਹਾਂ ਦੀ ਭਰਤੀ PPSC ਰਾਹੀਂ ਕਰਨ ਦੀ ਮਨਜ਼ੂਰੀ ਦਿੱਤੀ ਹੈ। ਇਸ ਭਰਤੀ ਨਾਲ ਬਲਾਕ ਪੱਧਰ ‘ਤੇ ਸਹੀ ਸਟਾਫ਼ ਦੀ ਉਪਲਬਧਤਾ ਯਕੀਨੀ ਬਣੇਗੀ, ਜਿਸ ਨਾਲ ਵੈਲਫੇਅਰ ਯੋਜਨਾਵਾਂ ਦੀ ਸਹੀ ਲਾਗੂਆਮਲੀ, ਫ਼ੀਲਡ ਨਿਗਰਾਨੀ ਅਤੇ ਨਿਯਮਾਂ ਦੀ ਪਾਲਣਾ ਸੁਨਿਸ਼ਚਿਤ ਹੋਵੇਗੀ।
ਸੁਰੱਖਿਅਤ ਮਹਾਵਾਰੀ ਲਈ ‘ਨਵੀਂ ਦਿਸ਼ਾ’ ਯੋਜਨਾ ਨੂੰ ਮਨਜ਼ੂਰੀ
ਕੈਬਿਨੇਟ ਨੇ ਕਿਸ਼ੋਰ ਅਤੇ ਲੋੜਵੰਦ ਮਹਿਲਾਵਾਂ ਨੂੰ ਮੁਫ਼ਤ ਸੈਨਿਟਰੀ ਨੈਪਕਿਨ ਅਤੇ ਸੁਰੱਖਿਅਤ ਮਹਾਵਾਰੀ ਸਬੰਧੀ ਸਹੂਲਤਾਂ ਮੁਹੱਈਆ ਕਰਨ ਲਈ ‘ਨਵੀਂ ਦਿਸ਼ਾ’ ਯੋਜਨਾ ਸ਼ੁਰੂ ਕਰਨ ਨੂੰ ਵੀ ਹਰੀ ਝੰਡੀ ਦਿੱਤੀ ਹੈ।
ਡੈਂਟਲ ਟੀਚਿੰਗ ਫੈਕਲਟੀ ਦੀ ਰਿਟਾਇਰਮੈਂਟ ਉਮਰ ਵਧੀ
ਕੈਬਿਨੇਟ ਨੇ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਵਿਭਾਗ ਵਿੱਚ ਡੈਂਟਲ ਟੀਚਿੰਗ ਫੈਕਲਟੀ/ਡਾਕਟਰਾਂ ਦੀ ਰਿਟਾਇਰਮੈਂਟ ਉਮਰ 62 ਤੋਂ ਵਧਾ ਕੇ 65 ਸਾਲ ਕਰਨ ਨੂੰ ਮਨਜ਼ੂਰੀ ਦਿੱਤੀ ਹੈ।
ਇਸ ਨਾਲ ਰਾਜ ਦੇ ਡੈਂਟਲ ਕਾਲਜਾਂ ਵਿੱਚ ਸਟਾਫ਼ ਦੀ ਕਮੀ ਪੂਰੀ ਹੋਵੇਗੀ ਅਤੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਅਤੇ ਮਰੀਜ਼ਾਂ ਨੂੰ ਉੱਚ-ਗੁਣਵੱਤਾ ਵਾਲੀਆਂ ਸਿਹਤ ਸਹੂਲਤਾਂ ਮਿਲਣਗੀਆਂ।
ਪੁੱਡਾ ਦੇ ਉਦਯੋਗਕ ਪਲਾਟਾਂ ਦੀ ਨਵੀਂ ਨੀਤੀ ਨੂੰ ਮਨਜ਼ੂਰੀ
ਕੈਬਿਨੇਟ ਨੇ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੁਆਰਾ ਤਿਆਰ ਕੀਤੀ ਉਦਯੋਗਕ ਪਲਾਟਾਂ ਦੇ ਅਲਾਟਮੈਂਟ/ਸਬ-ਡਿਵੀਜ਼ਨ ਲਈ ਨੀਤੀ ਨੂੰ ਵੀ ਹਰੀ ਝੰਡੀ ਦਿੱਤੀ ਹੈ।
ਇਸ ਦੇ ਤਹਿਤ ਉਦਯੋਗਕ ਪਲਾਟਾਂ ਨੂੰ ਦੋ ਜਾਂ ਵੱਧ ਛੋਟੀਆਂ ਇਕਾਈਆਂ ਵਿੱਚ ਵੰਡਿਆ ਜਾ ਸਕੇਗਾ
ਹਰ ਵੰਡੇ ਗਏ ਪਲਾਟ ਦਾ ਘੱਟੋ-ਘੱਟ ਖੇਤਰਫਲ 500 ਵਰਗ ਗਜ ਹੋਣਾ ਲਾਜ਼ਮੀ ਹੈ। ਇਸ ਨੀਤੀ ਨਾਲ ਉਦਯੋਗ ਅਤੇ ਵਪਾਰ ਵਿਭਾਗ ਅਤੇ ਹਾਊਸਿੰਗ-ਅਰਬਨ ਡਿਵੈਲਪਮੈਂਟ ਵਿਭਾਗ ਦੀਆਂ ਨੀਤੀਆਂ ਵਿੱਚ ਇਕਸਾਰਤਾ ਲਿਆਂਦੀ ਜਾਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ