
ਫਾਜ਼ਿਲਕਾ 16 ਨਵੰਬਰ (ਹਿੰ. ਸ.)। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇਕੋ—ਇਕ ਉਦੇਸ਼ ਸੂਬੇ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਜਿਸ *ਤੇ ਸਰਕਾਰ ਖਰਾ ਉਤਰ ਰਹੀ ਹੈ। ਮਿਆਰੀ ਸਿਹਤ ਸਹੂਲਤਾਂ ਦੇਣ ਅਤੇ ਨੌਜਵਾਨਾ ਨੂੰ ਨਸ਼ਿਆਂ ਤੋਂ ਦੂਰ ਕਰਦਿਆਂ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਤਹਿਤ ਪੰਜਾਬ ਸਰਕਾਰ ਕਾਰਜਸ਼ੀਲ ਹੈ। ਇਨ੍ਹਾਂ ਖੇਤਰਾਂ ਵਿਚ ਅਥਾਹ ਵਾਧਾ ਕੀਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਾਜਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਰੀਬ 1 ਕਰੋੜ 52 ਲੱਖ ਦੀ ਲਾਗਤ ਨਾਲ ਬਣਨ ਵਾਲੇ ਹੈਲਥ ਵੈਲਨੈਸ ਸੈਂਟਰ, ਪੰਚਾਇਤ ਘਰ ਤੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਵਿਧਾਇਕ ਫਾਜ਼ਿਲਕਾ ਸਵਨਾ ਨੇ ਕਿਹਾ ਕਿ ਪਿੰਡ ਬਾਰੇਕਾ ਵਿਖੇ 33.95 ਲੱਖ ਦੀ ਲਾਗਤ ਨਾਲ ਹੈਲਥ ਵੈਲਨੈਸ ਸੈਂਟਰ ਦੀ ਸਿਰਜਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਵਿਚ ਵਾਧਾ ਕਰਦਿਆਂ ਪਿੰਡ ਵਾਸੀਆਂ ਨੁੰ ਦੂਰ ਦਰਾਡੇ ਨਾ ਜਾਣਾ ਪਵੇ ਇਸ ਲਈ ਪਿੰਡ ਵਿਖੇ ਹੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸਨੇ ਆਪਣਾ ਚੈਕਅਪ ਜਾਂ ਡਾਕਟਰੀ ਸਲਾਹ ਅਤੇ ਥੋੜਾ ਬਹੁਤ ਇਲਾਜ ਕਰਵਾਉਣਾ ਹੈ ਉਹ ਪਿੰਡ ਵਿਖੇ ਹੀ ਆਪਣਾ ਇਲਾਜ ਲੈ ਸਕਦਾ ਹੈ, ਸਿਵਲ ਹਸਪਤਾਲ ਵਿਖੇ ਜਾਣ ਦੀ ਜਰੂਰਤ ਨਹੀ ਹੋਵੇਗੀ।
ਇਸ ਤੋਂ ਇਲਾਵਾ ਪਿੰਡ ਕਰਨੀ ਖੇੜਾ ਵਿਖੇ 42.39 ਲੱਖ ਨਾਲ ਖੇਡ ਸਟੇਡੀਅਮ , ਪੱਕਾ ਚਿਸ਼ਤੀ ਵਿਖੇ 20.50 ਲੱਖ ਤੇ ਸਾਬੂਆਣਾ ਵਿਖੇ 29 ਲੱਖ ਦੀ ਲਾਗਤ ਨਾਲ ਖੇਡ ਸਟੇਡੀਅ ਦੇ ਨੀਂਹ ਪੱਥਰ ਰਖੇ ਗਏ ਤਾਂ ਜ਼ੋ ਨੌਜਵਾਨ ਵਰਗ ਨਸ਼ਿਆਂ ਤੋਂ ਦੂਰ ਰਹਿੰਦਿਆਂ ਖੇਡਾਂ ਨਾਲ ਜੁੜਿਆ ਰਹੇ ਤੇ ਸੂਬੇ ਦੀ ਨੌਜਵਾਨੀ ਨੂੰ ਗਲਤ ਰਾਹ ਵੱਲ ਜਾਣ ਤੋਂ ਰੋਕਿਆ ਜਾ ਸਕੇ।ਉਨ੍ਹਾਂ ਕਿਹਾ ਕਿ ਨਸ਼ਿਆਂ ਅਜਿਹੀ ਮਾੜੀ ਅਲਾਮਤ ਤੋਂ ਬਚਾਉਣ ਲਈ ਖੇਡਾਂ ਬਹੁਤ ਵੱਡਾ ਰੋਲ ਅਦਾ ਕਰਦੀਆਂ ਹਨ।
ਪਿੰਡ ਸਾਬੂਆਣਾ ਵਿਖੇ 25 ਲੱਖ ਦੀ ਲਾਗਤ ਨਾਲ ਬਣਨ ਜਾ ਰਹੇ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਣੇ ਮੌਕੇ ਸਵਨਾ ਨੇ ਕਿਹਾ ਕਿ ਇਸ ਨਾਲ ਪਿੰਡ ਵਾਸੀ ਜਿਥੇ ਲੋੜ ਅਨੁਸਾਰ ਪੰਚਾਇਤੀ ਫੈਸਲੇ ਲੈ ਸਕਣਗੇ ਅਤੇ ਬੈਠਕਾਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿਖੇ ਹੋਣ ਵਾਲੇ ਵਿਕਾਸ ਕਾਰਜਾਂ ਸਬੰਧੀ ਅਹਿਮ ਵਿਚਾਰ—ਵਟਾਂਦਰਾ ਵੀ ਸਰਵਸਮਤੀ ਨਾਲ ਇਕ ਥਾਂ ਬੈਠ ਹੋ ਸਕੇਗਾ। ਇਸ ਤੋਂ ਇਲਾਵਾ ਕੋਈ ਪਿੰਡ ਦਾ ਸਮਾਗਮ ਵੀ ਲੋੜ ਅਨੁਸਾਰ ਕੀਤਾ ਜਾ ਸਕੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ