
ਤਰਨਤਾਰਨ, 16 ਨਵੰਬਰ (ਹਿੰ. ਸ.)। ਹੜ੍ਹਾਂ ਦੀ ਮਾਰ ਝੱਲ ਰਹੇ ਕਿਸਾਨਾਂ ਦੇ ਤੁਰੰਤ ਪੁਨਰਵਾਸ ਲਈ ਇੱਕ ਅਹਿਮ ਪਹਿਲ ਕਰਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਿੰਡ ਮੁੰਡਾਪਿੰਡ, ਜ਼ਿਲ੍ਹਾ ਤਰਨ ਤਾਰਨ ਵਿਖੇ ਬੀਜ ਵੰਡ ਮੁਹਿੰਮ ਆਯੋਜਿਤ ਕੀਤੀ ਗਈ। ਇਹ ਪ੍ਰੋਗਰਾਮ ਪੀ. ਏ. ਯੂ.-ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਵੱਲੋਂ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਇਆ ਗਿਆ। ਇਸ ਮੋਕੇ ਤੇ ਡਾ. ਤਰਸੇਮ ਸਿੰਘ ਢਿੱਲੋਂ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਵੀ ਮੌਜੂਦ ਸਨ। ਡਾ. ਪਰਵਿੰਦਰ ਸਿੰਘ, ਇੰਚਾਰਜ਼, ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨਤਾਰਨ ਨੇ ਯੂਨੀਵਰਸਿਟੀ ਤੋਂ ਆਏ ਹੋਏ ਸਾਇੰਸਦਾਨਾਂ ਅਤੇ ਕਿਸਾਨਾਂ ਨੂੰ ਜੀ ਆਇਆਂ ਆਖਿਆ।
ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਨੂੰ ਦੱਸਿਆ ਕਿ ਯੂਨੀਵਰਸਿਟੀ ਦਿਨ ਰਾਤ ਕਿਸਾਨਾਂ ਲਈ ਕੰਮ ਕਰ ਰਹੀ ਹੈ । ਇਸ ਕਰਕੇ ਯੂਨੀਵਰਸਿਟੀ ਨੇ ਉਪਰਾਲਾ ਕੀਤਾ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਕੀਤੀ ਜਾਵੇ ਜਿਸ ਦੇ ਤਹਿਤ ਯੂਨੀਵਰਸਿਟੀ ਦੇ ਮੁਲਾਜਮਾਂ ਨੇ ਆਪਣੀ ਇੱਕ ਦਿਨ ਦੀ ਕਟਵਾ ਕੇ ਸੁਧਰੇ ਹੋਏ ਬੀਜਾਂ ਨੂੰ ਕਿਸਾਨਾਂ ਨੂੰ ਵੰਡਣ ਦਾ ਉਪਰਾਲਾ ਕੀਤਾ । ਇਹ ਬੀਜ ਵੰਡ ਮੁਹਿੰਮ ਯੂਨੀਵਰਸਿਟੀ ਦੇ ਯੋਗਦਾਨ ਵੱਜੋਂ 7 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਚਲਾਈ ਗਈ। ਉਨ੍ਹਾਂ ਸਿਫਾਰਿਸ਼ ਕੀਤੀ ਕਿ ਕਿਸਾਨ ਸੁਧਰੇ ਹੋਏ ਬੀਜ ਅਗਲੇ ਸਾਲ ਵੀ ਵਧਾਉਣ ਅਤੇ ਹੋਰ ਕਿਸਾਨਾਂ ਨੂੰ ਵੀ ਉਪਲੱਬਧ ਕਰਵਾਉਣ।
ਡਾ. ਤਰਸੇਮ ਸਿੰਘ ਢਿੱਲੋਂ ਨੇ ਦੱਸਿਆ ਕਿ ਹੜ੍ਹਾਂ ਦੇ ਪ੍ਰਭਾਵ ਅਤੇ ਨੁਕਸਾਨ ਨੇ ਕਿਸਾਨੀ ਨੂੰ ਪਿੱਛੇ ਕਰ ਦਿੱਤਾ ਹੈ ਅਤੇ ਸਾਨੂੰ ਸੰਕਟ ਦੀ ਘੜੀ ਵਿੱਚ ਹੋਸਲੇ ਦੇ ਨਾਲ ਰਹਿਣਾ ਚਾਹੀਦਾ ਹੈ ਅਤੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਖਰਚਿਆਂ ਨੂੰ ਘਟਾ ਕੇ ਸੰਯੁਕਤ ਖੇਤੀ ਪ੍ਰਣਾਲੀ ਅਤੇ ਫਸਲ ਵਿਭਿੰਨਤਾ ਅਪਣਾਈ ਜਾਵੇ। ਉਨ੍ਹਾਂ ਨੇ ਦੱਸਿਆ ਕਿ ਸਬਜ਼ੀਆਂ, ਤੇਲ ਬੀਜ ਫਸਲਾਂ ਅਤੇ ਚਾਰੇ ਦੀ ਕਾਸ਼ਤ ਰਾਹੀਂ ਆਮਦਨ ਦੇ ਸਰੋਤ ਵਧਾਏ ਜਾ ਸਕਦੇ ਹਨ।
ਇਸ ਮੌਕੇ ਕਣਕ ਦੀਆਂ ਕਿਸਮਾਂ ਪੀ ਬੀ ਡਬਲਯੂ 766, ਪੀ ਬੀ ਡਬਲਯੂ 869 ਅਤੇ ਪੀ ਬੀ ਡਬਲਯੂ 677 ਦਾ 100 ਕੁਇੰਟਲ ਬੀਜ ਪਿੰਡ ਮੁੰਡਾਪਿੰਡ ਦੇ ਲੋੜਵੰਦ ਕਿਸਾਨਾਂ ਵਿੱਚ ਵੰਡਿਆ ਗਿਆ। ਬਾਬਾ ਨੰਦ ਸਿੰਘ ਜੀ ਮੁੰਡਾਪਿੰਡ ਨੇ ਡਾ. ਮੱਖਣ ਸਿੰਘ ਭੁੱਲਰ ਅਤੇ ਪੀ. ਏ. ਯੂ. ਦੇ ਸਾਇੰਸਦਾਨਾਂ ਦੀ ਮੋਜੂਦਗੀ ਵਿੱਚ 1000 ਦੇ ਕਰੀਬ ਖਾਦ ਦੇ ਬੈਗ ਵੰਡ ਕੇ ਲੋੜਵੰਦ ਕਿਸਾਨਾਂ ਦੀ ਮਦਦ ਕੀਤੀ । ਉਨ੍ਹਾਂ ਨੇ ਪ੍ਰੋਗਰਾਮ ਦੇ ਅੰਤ ਵਿੱਚ ਪੀ.ਏ.ਯੂ. ਵੱਲੋਂ ਹੜ੍ਹ-ਪ੍ਰਭਾਵਿਤ ਖੇਤਰਾਂ ਵਿੱਚ ਕੀਤੀ ਜਾ ਰਹੀ ਨਿਰੰਤਰ ਸੇਵਾ ਦੀ ਸਰਾਹਣਾ ਕੀਤੀ । ਇਸ ਪ੍ਰੋਗਰਾਮ ਦੇ ਨਾਲ ਹੀ ਯੂਨੀਵਰਸਿਟੀ ਵੱਲੋਂ ਬੀਜ ਵੰਡ ਮੁਹਿੰਮ, ਤਰਨ ਤਾਰਨ ਜ਼ਿਲ੍ਹੇ ਵਿੱਚ ਸਮਾਪਤ ਕੀਤੀ ਗਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ